ਚੰਡੀਗੜ੍ਹ, 14 ਜੁਲਾਈ : ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਹੁਣ ਤੱਕ 22764 ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ। ਕੁੱਝ ਇਲਾਕਿਆਂ ਵਿਚ ਹੜ੍ਹਾਂ ਦੀ ਸਥਿਤੀ ਸੁਧਰਨ ਤੋਂ ਬਾਅਦ ਰਾਹਤ ਕੈਂਪਾਂ ਦੀ ਗਿਣਤੀ 183 ਤੋਂ ਘਟਾ ਕੇ 161 ਕਰ ਦਿੱਤੀ ਗਈ ਹੈ। ਇਕ ਬੁਲਾਰੇ ਨੇ ਦੱਸਿਆ ਕਿ 14 ਜੁਲਾਈ ਸਵੇਰੇ 8 ਵਜੇ ਤੱਕ 14 ਜ਼ਿਲ੍ਹਿਆਂ ਦੇ 1179 ਪਿੰਡ ਹੜ੍ਹ ਪ੍ਰਭਾਵਿਤ ਹੋਏ ਹਨ। ਇਸ ਵੇਲੇ ਜਿਹੜੇ 14 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਉਨ੍ਹਾਂ ‘ਚ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਲ ਹਨ। ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੈਪਿਡ ਰਿਸਪਾਂਸ ਟੀਮਾਂ ਦੀ ਗਿਣਤੀ 315 ਤੋਂ ਵਧਾ ਕੇ 409 ਕਰ ਦਿੱਤੀ ਹੈ ਜਦਕਿ ਮੈਡੀਕਲ ਕੈਂਪਾਂ ਦੀ ਗਿਣਤੀ ਵੀ 186 ਤੋਂ ਵਧਾ ਕੇ 252 ਕਰ ਦਿੱਤੀ ਗਈ ਹੈ। ਹੁਣ ਤੱਕ ਕੁੱਲ ਓਪੀਡੀ 9204 'ਤੇ ਪੁੱਜ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਨੇ ਦੱਸਿਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 1730 ਪਸ਼ੂਆਂ ਦਾ ਇਲਾਜ ਕੀਤਾ ਗਿਆ ਹੈ ਅਤੇ 7255 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਜ਼ਿਲ੍ਹਿਆਂ ਨੇ ਆਪਣੀ ਐਚ.ਐਸ. ਟੀਕਾਕਰਨ ਮੁਹਿੰਮ ਪੂਰੀ ਕਰ ਲਈ ਹੈ। ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਲੋੜਵੰਦ ਪਸ਼ੂਆਂ ਦਾ ਇਲਾਜ, ਫੀਡ ਸਪਲਾਈ ਅਤੇ ਚਾਰਾ ਆਦਿ ਮੁਹੱਈਆ ਕਰਵਾਉਣ ਲਈ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕੇ ਫੂਡ ਪੈਕਟਾਂ ਦੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ। ਸਿਰਫ ਪਟਿਆਲਾ (37000) ਅਤੇ ਰੂਪਨਗਰ (18930) ਵਿਚ ਹੀ 57 ਹਜ਼ਾਰ ਤੋਂ ਜ਼ਿਆਦਾ ਸੁੱਕੇ ਫੂਡ ਪੈਕਟ ਵੰਡੇ ਜਾ ਚੁੱਕੇ ਹਨ।