ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਰਾਜ ਕਰਨ ਜਾ ਰਹੀ ਹੈ। ਇੱਥੇ ਹਰ ਪੰਜ ਸਾਲ ਬਾਅਦ ਸੱਤਾ ਬਦਲਣ ਦਾ ਰਿਵਾਜ ਜਾਰੀ ਰਹੇਗਾ। ਚੋਣ ਰੁਝਾਨਾਂ ਵਿੱਚ ਕਾਂਗਰਸ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। ਕਾਂਗਰਸ ਨੇ ਬਹੁਮਤ ਲਈ 35 ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਪੰਜਾਬ ਦੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਜਿੱਤ ਲਈ ਹਿਮਾਚਲ ਦੇ ਲੋਕਾਂ ਨੂੰ ਵਧਾਈ ਦਿੱਤੀ। ਵੜਿੰਗ ਨੇ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਹਿਮਾਚਲ ਦੇ ਲੋਕਾਂ ਨੂੰ, ਹਰੇਕ ਵਰਕਰ ਅਤੇ ਹਿਮਾਚਲ ਦੀ ਕਾਂਗਰਸ ਲੀਡਰਸ਼ਿਪ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕਾਂਗਰਸ ਪਾਰਟੀ ਨੇ 11 ਸੀਟਾਂ ਜਿੱਤੀਆਂ ਹਨ ਅਤੇ ਉਨ੍ਹਾਂ ਦੇ ਉਮੀਦਵਾਰ 28 ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਇਸ ਤਰ੍ਹਾਂ ਕਾਂਗਰਸ ਨੇ 39 ਸੀਟਾਂ ‘ਤੇ ਲੀਡ ਲੈ ਲਈ ਹੈ। ਦੂਜੇ ਪਾਸੇ ਭਾਜਪਾ ਸਿਰਫ਼ 26 ਸੀਟਾਂ ‘ਤੇ ਹੀ ਲੀਡ ਬਣਾਉਣ ‘ਚ ਕਾਮਯਾਬ ਰਹੀ ਹੈ। ਭਾਜਪਾ ਨੇ 9 ਸੀਟਾਂ ਜਿੱਤੀਆਂ ਹਨ ਅਤੇ 17 ਸੀਟਾਂ ‘ਤੇ ਅੱਗੇ ਹੈ। ਆਜ਼ਾਦ ਉਮੀਦਵਾਰਾਂ ਨੇ ਦੋ ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ ‘ਤੇ ਅੱਗੇ ਚੱਲ ਰਹੇ ਹਨ। ਇਸ ਦੌਰਾਨ ਚੋਣ ਨਤੀਜਿਆਂ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸ਼ਿਮਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਚੋਣ ਵਿੱਚ ਭਾਜਪਾ ਦੀ ਹਾਰ ਹੋਈ ਹੈ ਅਤੇ ਉਹ ਕੁਝ ਸਮੇਂ ਬਾਅਦ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਭਾਜਪਾ ਅਤੇ ਕਾਂਗਰਸ ਦੀ ਵੋਟ ਫੀਸਦੀ ਵਿੱਚ ਕੋਈ ਖਾਸ ਫਰਕ ਨਹੀਂ ਹੈ। ਪਰ ਕਈ ਸੀਟਾਂ ‘ਤੇ ਭਾਜਪਾ ਜਿੱਤ-ਹਾਰ ਦੇ ਮਾਮੂਲੀ ਫਰਕ ਨਾਲ ਸੱਤਾ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ।