ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ ਚੁੱਕਾ ਹੈ । ਭਾਰਤ ਦੇ ਸਾਬਕਾ ਚੀਫ ਜਸਟਿਸ ਸ਼੍ਰੀ ਰੰਜਨ ਗੋਗੋਈ ਨੇ ਤਾਂ ਭਾਰਤ ਦੀ ਨਿਆਂ ਪ੍ਰਣਾਲੀ ਨੂੰ “ਖਸਤਾ” ਤੱਕ ਕਰਾਰ ਦੇ ਕੇ ਤੰਜ ਕਸਿਆ ਹੈ । ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਹਰ ਕੋਈ ਅਦਾਲਤ ਜਾਣ ਤੋਂ ਡਰਦਾ ਮਾਰਾ ਘਬਰਾਉਂਦਾ ਹੈ । ਕੇਵਲ ਜੋਖਮ ਉਠਾਉਣ ਵਾਲੇ ਲੋਕ ਹੀ ਮਜਬੂਰੀ ਵੱਸ ਅਦਾਲਤ ਜਾਂਦੇ ਹਨ । ਜਸਟਿਸ ਗੋਗੋਈ ਦਾ ਮੰਨਣਾ ਹੈ ਕਿ ਅੱਜ ਸਿਰਫ ਵੱਡੇ ਕਾਰਪੋਰੇਟਰ ਹੀ ਅਦਾਲਤਾਂ ‘ਚ ਜਾਂਦੇ ਹਨ । ਉਪਰੋਕਤ ਪ੍ਰਗਟਾਵੇ ਉੱਨ੍ਹਾਂ ਨੇ ਇੱਕ ਨਿਊਜ ਚੈਨਲ ‘ਤੇ ਬਲਦਿਆਂ ਕੀਤੇ ਹਨ ।