ਚੰਡੀਗੜ੍ਹ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ, ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਸਤੀਫ਼ਾ ਦੇਣ ਅਤੇ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਧਰਨੇ ਵਿੱਚ ਸ਼ਾਮਲ ਹੋਣ ਦੀ ਹਿੰਮਤ ਕਰਨ ਲਈ ਕਿਹਾ, ਉਨ੍ਹਾਂ ਕਿਹਾ ਕਿ ਕੁਲਤਾਰ ਸਿੰਘ ਸੰਧਵਾਂ ਜਾ ਤਾਂ ਆਪਣੇ ਵਚਨਾਂ ‘ਤੇ ਰਹਿਣ ਤੇ ਜਾਂ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨ । ਬਾਜਵਾ ਨੇ ਕਿਹਾ ਕਿ ਸੰਧਵਾਂ ਖ਼ੁਦ ਅੰਮ੍ਰਿਤਧਾਰੀ ਸਿੱਖ ਹਨ ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ “14 ਅਕਤੂਬਰ ਨੂੰ ਕਥਿਤ ਪੁਲਿਸ ਗੋਲੀ ਬਾਰੀ ਦੀ ਘਟਨਾ ਦੀ ਸੱਤਵੀਂ ਬਰਸੀ ਜਿਸ ਵਿੱਚ ਦੋ ਸਿੱਖ ਕਥਿਤ ਤੌਰ ‘ਤੇ ਮਾਰੇ ਗਏ ਸਨ, ਸੰਧਵਾਂ ਨੇ ਇਨਸਾਫ਼ ਦਿਵਾਉਣ ਲਈ 45 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹੁਣ ਇਹ ਸਮਾਂ ਸੀਮਾ ਖ਼ਤਮ ਹੋਏ ਨੂੰ ਦੋ ਦਿਨ ਹੋ ਗਏ ਹਨ, ਅਤੇ ਸੰਧਵਾਂ ਨੇ ਅਜੇ ਤੱਕ ਕੁੱਝ ਨਹੀਂ ਦੱਸਿਆ ਕਿ ਉਹ ਕਿਹੜਾ ਰਸਤਾ ਲੈਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਪੀਕਰ ਨੇ 30 ਨਵੰਬਰ ਤੱਕ ਇਨਸਾਫ਼ ਦਿਵਾਉਣ ਦਾ ਐਲਾਨ ਕੀਤਾ ਸੀ, ਜਿਸ ‘ਚ ਅਸਫ਼ਲ ਰਹਿਣ ‘ਤੇ ਉਨ੍ਹਾਂ ਅਸਤੀਫ਼ਾ ਦੇਣ ਅਤੇ ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਸੀ। ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਅਤੇ ਨਸ਼ਾ ਮਾਫ਼ੀਆ ਦੀ ਕਮਰ ਤੋੜਨ ਦਾ ਐਲਾਨ ਕੀਤਾ ਹੈ। ਉਹ ਅਜਿਹਾ ਕਰਨ ਵਿੱਚ ਅਸਫ਼ਲ ਰਿਹਾ ਅਤੇ ਹੁਣ ਉਸ ਨੂੰ ਪੰਜਾਬ ਦੇ ਲੋਕਾਂ ਨੇ ਛੱਡ ਦਿੱਤਾ ਹੈ। ਬਾਜਵਾ ਨੇ ਕਿਹਾ “ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਅਤੇ ਸਿੱਖ ਸੰਗਤ ਦੀ ਹਾਜ਼ਰੀ ਵਿੱਚ, ਸੰਧਵਾਂ ਨੇ ਕਥਿਤ ਪੁਲਿਸ ਗੋਲੀ ਬਾਰੀ ਦੀ ਘਟਨਾ ‘ਤੇ ਇਨਸਾਫ਼ ਦਿਵਾਉਣ ਲਈ ਇੱਕ ਮਹੀਨੇ ਤੋਂ ਡੇਢ ਮਹੀਨੇ ਤੱਕ ਦਾ ਸਮਾਂ ਮੰਗਿਆ ਸੀ, ਕਿਉਂਕਿ ਇਹ ਸਮਾਂ ਸੀਮਾ ਖ਼ਤਮ ਹੋ ਗਈ ਹੈ, ਹੁਣ ਇਹ ਪੰਜਾਬ ਦੇ ਲੋਕਾਂ ਨੇ ਫ਼ੈਸਲਾ ਕਰਨਾ ਹੈ ਕਿ ਅੱਗੇ ਕੀ ਕਰਨਾ ਹੈ।” ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਵਿਧਾਇਕ ਅਤੇ ਸਾਬਕਾ ਆਈ. ਪੀ. ਐਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲਾਂ ਹੀ ਆਪਣੀ ਸਰਕਾਰ ਦੀ ਆਲੋਚਨਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਬੇਅਦਬੀ ਅਤੇ ਪੁਲਿਸ ਗੋਲੀ ਬਾਰੀ ਦੀਆਂ ਘਟਨਾਵਾਂ ‘ਤੇ ਬਹਿਸ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਵੀ ਕੀਤੀ ਹੈ।