ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਅਮਰੀਕੀ ਏਜੰਸੀਆਂ ਵੱਲੋਂ ਹਿਰਾਸਤ ਵਿਚ ਲੈਣ ਤੇ ਫਿਰ ਉਸਨੂੰ ਛੇਤੀ ਪੰਜਾਬ ਲਿਆਉਣ ਦੇ ਦਾਅਵੇ ਦੇ ਝੂਠ ਕਿਉਂ ਬੋਲੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਜਰਾਤ ਵਿਚ ਸਨਸਨਖੇਜ਼ ਦਾਅਵਾ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ, ਕੀਤਿਆਂ ਨੂੰ 48 ਘੰਟੇ ਤੋਂ ਵੱਧ ਬੀਤ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਇਹ ਬਿਆਨ ਸੂਬੇ ਦੇ ਮੁਖੀ ਵਜੋਂ ਦਿੱਤਾ ਸੀ ਪਰ 48 ਘੰਟੇ ਬੀਤਣ ਮਗਰੋਂ ਵੀ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਅਤੇ ਕੇਂਦਰੀ ਏਜੰਸੀਆਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਉਹਨਾਂ ਦੇ ਪਹਿਲਾਂ ਕੀਤੇ ਝੂਠੇ ਦਾਅਵਿਆਂ ਵਰਗਾ ਹੀ ਹੈ। ਉਹਨਾਂ ਕਿਹਾ ਕਿ ਤਾਜ਼ਾ ਦਾਅਵੇ ਦਾ ਮਕਸਦ ਗੁਜਰਾਤੀਆਂ ਨੂੰ ਇਸ ਗੱਲ ਲਈ ਰਾਜ਼ੀ ਕਰਨਾਸੀ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਜਦੋਂ ਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਜਰਾਤ ਵਿਚ ਕੀਤੇ ਦਾਅਵਿਆਂ ਤੋਂ ਪੰਜਾਬੀ ਹੈਰਾਨ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੀਆਂ ਕਾਰਵਾਈਆਂ ਤੋਂ ਜਿਹੜੇ ਪਰਿਵਾਰ ਪ੍ਰਭਾਵਤ ਹੋਏ ਹਨ, ਉਹ ਉਹਨਾਂ ਦੇ ਦਾਅਵੇ ’ਤੇ ਵਿਸ਼ਵਾਸ ਕਰ ਰਹੇ ਸਨ ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਇਸਮੁੱਦੇ ਨਾਲ ਜੁੜੀਆਂ ਹਨ। ਹੁਣ ਜਦੋਂ ਉਹਨਾਂ ਦਾ ਦਾਅਵਾ ਝੂਠਾ ਤੇ ਗੁੰਮਰਾਹਕੁੰਨ ਨਿਕਲਿਆ ਹੈ ਤਾਂ ਇਹ ਪਰਿਵਾਰ ਇਕ ਵਾਰ ਫਿਰ ਤੋਂ ਪੀੜਾ ਦੇ ਇਕ ਹੋਰ ਦੌਰ ਵਿਚੋਂ ਲੰਘੇ ਹਨ ਕਿਉਂਕਿ ਇਹਨਾਂ ਨੇ ਆਪਣੇ ਪਰਿਵਾਰਕ ਜੀਅ ਗੁਆਏ ਹਨ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪਸ਼ਟ ਕਰਨ ਕਿ ਉਹਨਾਂ ਨੂੰ ਇਹ ਸੂਚਨਾ ਕਿਵੇਂ ਮਿਲੀ ਕਿ ਗੋਲਡੀ ਬਰਾੜ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ ? ਕੀ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਸਦੀ ਜਾਣਕਾਰੀਦਿੱਤੀ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਜਾਂ ਕਿਸੇ ਹੋਰ ਅਮਰੀਕੀ ਅਧਿਕਾਰੀ ਦਾ ਫੋਨ ਆਇਆ ਜਾਂ ਫਿਰ ਅਮਰੀਕੀ ਏਜੰਸੀ ਐਫ ਬੀ ਆਈ ਨੇ ਸਿੱਧਾ ਉਹਨਾਂ ਨੂੰ ਸੂਚਿਤ ਕੀਤਾ ਜਾਂ ਉਹਨਾਂ ਦੇ ਹੋਰ ਸਰੋਤ ਹਨ ਜਿਹਨਾਂ ਤੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ। ਮਜੀਠੀਆ ਨੇ ਕਿਹਾ ਕਿ ਪਹਿਲਾਂ ਸ੍ਰੀ ਭਗਵੰਤ ਮਾਨੇ ਇਹ ਐਲਾਨ ਕੀਤਾ ਸੀ ਕਿ ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਬੀ ਐਮ ਡਬਲਿਊ ਪੰਜਾਬ ਵਿਚ ਨਿਵੇਸ਼ ਕਰੇਗੀ ਜਦੋਂ ਕਿ ਕੰਪਨੀ ਨੇ ਉਹਨਾਂ ਦੇ ਬਿਆਨ ਦਾ ਜ਼ੋਰਦਾਰ ਖੰਡਨ ਕਰਦਿਆਂ ਅਜਿਹੀ ਕੋਈ ਯੋਜਨਾ ਹੋਣ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਉਹਨਾਂ ਸਮੇਤ ਸਾਰੇ ਪੰਜਾਬੀ ਇਹ ਚਾਹੁੰਦੇ ਹਨ ਕਿ ਗੋਲਡੀਬਰਾੜ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਅਤੇ ਪੰਜਾਬ ਲਿਆਂਦਾ ਜਾਵੇ ਤਾਂ ਜੋ ਪੰਜਾਬੀਆਂ ਨੂੰ ਲਿਆਂ ਮਿਲ ਸਕੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਜੇਕਰ ਉਹਨਾਂ ਕੋਲ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਹੈ ਤਾਂ ਉਹ ਇਸਨੂੰ ਤੁਰੰਤ ਜਨਤਕ ਕਰਨ। ਉਹਨਾਂ ਨੇਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਕੀਤਾ ਜਾਵੇ ਨਹੀਂ ਤਾਂ ਲੋਕਾਂ ਵਿਚ ਉਹਨਾਂ ਬਾਰੇ ਧਾਰਨਾ ਪੱਕੀ ਹੋ ਜਾਵੇਗੀ ਇਹ ਤਾਂ ਸਿਰਫ ਝੂਠ ਹੀ ਬੋਲਦੇ ਹਨ। ਉਹਨਾਂ ਕਿਹਾ ਕਿ ਭਾਵੇਂ ਉਹ ਸੂਬੇ ਦੇ ਮੁਖੀ ਹਨ ਪਰ ਮੁਖੀ ਨੂੰ ਸੂਬੇ ਦੇ ਲੋਕਾਂ ਨੂੰ ਝੂਠ ਬੋਲਣ ਅਤੇ ਗੁੰਮਰਾਹ ਕਰਨ ਦਾ ਕੋਈ ਅਧਿਕਾਰ ਨਹੀਂ ਹੈ।