ਸਰਕਾਰੀ ਅੰਕੜਿਆਂ ਮੁਤਾਬਿਕ ਪਿਛਲੇ ਮਹੀਨੇ ਵਿੱਚ 200 ਕਿਲੋ ਤੋਂ ਵੱਧ ਹੀਰੋਇਨ ਫੜੀ ਗਈ ਹੈ। ਇਹ ਤਾਂ ਉਹ ਅੰਕੜੇ ਹਨ ਜਿਹੜੇ ਜੱਗ ਜਾਹਿਰ ਹੋਏ ਹਨ। ਜਿਹੜੀਆਂ ਖੇਪਾਂ ਅੰਦਰ ਖਾਤੇ ਚੋਰੀ ਛਪੀ ਲੰਘ ਗਈਆਂ ਹੋਣਗੀਆਂ। ਉਹਨਾਂ ਅੰਕੜਿਆਂ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਿਲ ਹੈ। ਜਿਵੇਂ ਸਿਆਣੇ ਕਹਿੰਦੇ ਹਨ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਉਹੀ ਗੱਲ ਇੱਥੇ ਚੁੱਕਦੀ ਹੈ ਕਿ ਜਿਸ ਮੁਲਕ ਕੋਲ ਖਾਣ ਲਈ ਆਟਾ ਦਾਣਾ ਨਹੀਂ। ਉਹ ਫਿਰ ਕਿਵੇਂ ਅਰਬਾਂ ਖਰਬਾਂ ਦੀ ਹੀਰੋਇਨ ਸਾਡੇ ਵਾਲੇ ਪਾਸੇ ਭੇਜ ਰਿਹਾ ਹੈ। ਇਹ ਵੀ ਇੱਕ ਗੰਭੀਰ ਸੋਚਣ ਦਾ ਵਿਸ਼ਾ ਬਣ ਗਿਆ ਹੈ। ਸਾਡੇ ਪੰਜਾਬ ਵਿੱਚ ਅੱਜ ਵੀ ਸਾਰੇ ਆਮ ਧੜਾਧੜ ਚਿੱਟਾ ਵਿਕ ਰਿਹਾ ਹੈ। ਪੀਣ ਵਾਲਿਆਂ ਨੂੰ ਕੋਈ ਨਾਂਹ ਨਹੀਂ। ਇੱਕ ਪਲ ਝਲਕਦੇ ਹੀ ਪੁੜੀਆਂ ਲੈ ਆਉਂਦੇ ਹਨ। ਸ਼ਰੇਆਮ ਟੀਕੇ ਲਾਉਣ ਦੀ ਕਵਾਇਦ ਨੂੰ ਜਾਰੀ ਰਖਿਆ ਹੋਇਆ ਹੈ। ਹੁਣ ਇਹ ਕਿਉਂ ਨਹੀਂ ਰੁੱਕ ਰਿਹਾ ਜੇਕਰ ਇਸ ਦੀ ਗੱਲ ਕਰੀਏ। ਕਿਉਂਕਿ ਪੀਣ ਵਾਲੇ ਬਹੁਤੇ ਤਾਂ ਮਾਪਿਆਂ ਦੀ ਇਕਲੌਤੀ ਹੀ ਉਲਾਦ ਹੀ ਹਨ। ਜਿਸ ਕਰਕੇ ਉਹ ਮਾਪਿਆਂ ਦੀ ਭਲੇਮਾਨਸੀ ਦਾ ਫਾਇਦਾ ਉਠਾ ਰਹੇ ਹਨ। ਜੇ ਕਰ ਮਾਪੇ ਝਿੜਕਦੇ ਹਨ ਤੇ ਉਹ ਮੌਤ ਨੂੰ ਗਲੇ ਲਗਾਉਣ ਦੀ ਧਮਕੀ ਦੇ ਦਿੰਦੇ ਹਨ। ਜੇ ਨਹੀਂ ਝਿੜਕਦੇ ਫਿਰ ਉਹ ਘਰ ਨੂੰ ਬਰਬਾਦੀ ਦੀਆਂ ਬਰੂਹਾਂ ਤੇ ਲੈ ਕੇ ਆ ਰਹੇ ਹਨ। ਹੁਣ ਤਾਂ ਮੁਕਾਬਲਾ ਹੀ ਚਲ ਰਿਹਾ ਹੈ ਕਿ ਕੁੜੀਆਂ ਇਸ ਦੀ ਰੇਸ ਵਿੱਚ ਅਗੇ ਲੰਘਦੀਆਂ ਹਨ ਜਾਂ ਫਿਰ ਮੁੰਡੇ ਚਿੱਟੇ ਨੇ 15 ਸਾਲ ਤੋਂ ਲੈ ਕੇ 25-30 ਸਾਲ ਦੇ ਨੌਜਵਾਨਾਂ ਨੂੰ ਹੀ ਸ਼ਿਕਾਰ ਬਣਾਇਆ ਹੈ ਨਾ ਤਾਂ ਨਿਆਣੇ ਇਸ ਦੇ ਘੇਰੇ ਵਿੱਚ ਆਏ ਹਨ ਤੇ ਨਾ ਹੀ ਸਿਆਣੇ। ਇਹੋ ਹੀ ਅੱਲੜ੍ਹ ਉਮਰ ਹੁੰਦੀ ਹੈ ਮੈਨੂੰ ਅੱਜ ਵੀ ਮੁਹੰਮਦ ਸਦੀਕ ਦੇ ਗਾਣੇ ਦੇ ਬੋਲ ਕੰਨਾਂ ਵਿੱਚ ਗੋਲੀ ਵਾਂਗੂ ਵੱਜਦੇ ਸੁਣਦੇ ਹਨ ਅਸੀਂ ਅੱਲੜ੍ਹ ਪੁਣੇ ਵਿੱਚ ਲੈ ਕੇ ਐਵੇ ਸਾਰੀ ਉਮਰ ਗੁਆ ਬੈਠੇ। ਇੱਕ ਤਾਂ ਜਰੂਰ ਹੈ ਉਹ ਇਹ ਹੈ ਕਿ ਜਿਹੜੇ ਤਾਂ ਚਿੱਟੇ ਦੇ ਆਦੀ ਹੋ ਗਏ ਹਨ। ਉਹਨਾਂ ਨੂੰ ਤਾਂ ਚਿੱਟੇ ਤੋਂ ਹਟਾਉਣਾ ਬਹੁਤ ਮੁਸ਼ਕਿਲ ਹੈ। ਪਰ ਹੁਣ ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣ ਦੀ ਸਖਤ ਜ਼ਰੂਰਤ ਹੈ। ਆਪਣੇ ਬੱਚਿਆਂ ਦੇ ਦੋਸਤਾਂ ਉਤੇ ਨਿਗ੍ਹਾ ਤੇ ਨਿਗਰਾਨੀ ਰੱਖਣੀ ਸਾਡੀ ਮੁਖ ਲੋੜ ਹੈ। ਸਰਕਾਰਾਂ ਨੇ ਕੁਝ ਨਹੀਂ ਕਰਨਾ ਉਹ ਤਾਂ ਪੰਜ ਸਾਲ ਲਗਾਉਣ ਦੀਆਂ ਜੁਮੇਵਾਰ ਹੁੰਦੀਆਂ ਹਨ। ਫਿਰ ਅਗਲੇ ਸਮੇਂ ਅਗਲੀ ਸਰਕਾਰ ਆ ਕੇ ਵੇਖ ਲਉ। ਮੈਂ ਤਾਂ ਇਹੋ ਹੀ ਕਹਿੰਦਾ ਹਾਂ ਕਿ ਹੁਣ ਸਾਨੂੰ ਬਹੁਤੀ ਕਮਾਈ ਕਰਨ ਦੀ ਜ਼ਰੂਰਤ ਨਹੀਂ। ਜਿਹੜੀ ਕਮਾਈ ਕੀਤੀ ਹੈ ਉਸ ਨੂੰ ਸੰਭਾਲ ਲਈਏ ਇੰਨਾ ਹੀ ਬਥੇਰਾ ਹੈ। ਅੱਗਾ ਦੌੜ ਤੇ ਪਿੱਛਾ ਦੌੜ ਵਾਲੀ ਗੱਲ ਨਾ ਹੋਵੇ। ਤੁਸੀਂ ਆਪਣੇ ਹੀ ਸੱਜੇ ਖੱਬੇ ਨਜ਼ਰ ਮਾਰ ਕੇ ਵੇਖ ਲਓ। ਜਿਹਨਾਂ ਘਰਾਂ ਪਰਿਵਾਰਾਂ ਉੱਤੇ ਚਿੱਟੇ ਦਾ ਕਾਲਾ ਪਰਛਾਵਾਂ ਪੈ ਗਿਆ ਹੈ। ਉਹਨਾਂ ਘਰਾਂ ਪਰਿਵਾਰਾਂ ਦੀ ਕੀ ਹਾਲਤ ਹੋ ਗਈ ਹੈ। ਘਰ ਖੰਡਰ ਹੋ ਗਏ ਹਨ। ਜੀਅ ਨਾਲ ਜੀਅ ਨਹੀਂ ਰਿਹਾ। ਕਈ ਮੌਤ ਨੂੰ ਗਲੇ ਲਗਾ ਚੁਕੇ ਹਨ ਤੇ ਕਈ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਸਰਿਜ਼ਾਂ ਲੈ ਕੇ ਤੁਰਦੀਆਂ ਫਿਰਦੀਆਂ ਲਾਸ਼ਾਂ ਆਮ ਹੀ ਨਜ਼ਰ ਆਉਂਦੀਆਂ ਹਨ। ਨਸ਼ੇ ਦੇ ਸੁਦਾਗਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਉਸ ਦਿਨ ਦੀ ਉਡੀਕ ਕਰ ਰਹੀਆਂ ਮਾਵਾਂ ਆਪ ਸੰਸਾਰ ਨੂੰ ਅਲਵਿਦਾ ਕਹਿੰਦੀਆਂ ਜਾ ਰਹੀਆਂ ਹਨ। ਜਿਹੜੀਆਂ ਸੋਚਦੀਆਂ ਸਨ ਕਿ ਇਕ ਦਿਨ ਪੰਜਾਬ ਚਿੱਟਾ ਮੁਕਤ ਹੋ ਜਾਵੇਗਾ। ਪਰ ਕਿਵੇਂ ਤੇ ਕਦੋਂ, ਉਸ ਦਿਨ ਦੀ ਇੰਤਜ਼ਾਰ ਕਰਦੇ ਹੋਏ ਸਮੈਕੀਆਂ ਦੇ ਮਾਪੇ ਮੂੰਹ ਚੁੱਕ ਚੁੱਕ ਵੇਖ ਰਹੇ ਹਨ। ਕਿ ਸ਼ਾਇਦ ਕੋਈ ਚਮਤਕਾਰ ਹੋ ਹੀ ਜਾਵੇ ਪਰ ਜੋ ਹੋ ਨਹੀਂ ਰਿਹਾ ਦੁਨੀਆਂ ਵਾਲਿਓ।