ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ

ਡਾ. ਸੁਗਰਾ ਸੱਦਫ਼ ਦੀ ਸੱਜਰੀ ਕਾਵਿ ਪੁਸਤਕ “ਅੱਜ ਮੈਂ ਤੇਰਾ ਸੁਫ਼ਨਾ ਬਣਨਾ” ਗੁਰਮੁਖੀ ਅੱਖਰਾਂ ਵਿੱਚ ਉਸ ਦੀ ਪਹਿਲੀ ਕਿਤਾਬ ਹੈ। ਸ਼ਾਹਮੁਖੀ ਅੱਖਰਾਂ ਵਿੱਚ ਉਸ ਨੇ ਮੌਲਿਕ ਕਾਵਿ ਸਿਰਜਣਾ ਤੇ ਖੋਜ ਪੁਸਤਕਾਂ ਰਾਹੀਂ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਪੰਜਾਬ ਇੰਸਟੀਚਿਊਟ ਆਫ ਲੈਂਗੁਏਜਿਜ ਤੇ ਕਲਚਰ ਦੀ ਸੇਵਾ ਮੁਕਤ ਡਾਇਰੈਕਟਰ ਜਨਰਲ ਸੁਗਰਾ ਸੱਦਫ਼ ਮੂਲ ਰੂਪ ਵਿੱਚ ਫ਼ਲਸਫ਼ੇ ਦੀ ਵਿਦਿਆਰਥਣ ਹੈ। ਉਸ ਨੇ 1986 ਵਿੱਚ ਐੱਮ ਏ ਫਿਲਾਸਫੀ, 1992 ਵਿੱਚ ਐੱਮ ਏ ਪੁਲਿਟੀਕਲ ਸਾਇੰਸ ਅਤੇ 1994 ਵਿੱਚ ਐੱਮ ਏ ਉਰਦੂ ਕਰਨ ਉਪਰੰਤ ਸਾਲ 2005ਵਿੱਚ “ਸੂਫ਼ੀ ਕਵੀ ਮੀਆਂ ਮੁਹੰਮਦ ਬਖ਼ਸ਼ ਦਾ ਦੈਵੀ ਪ੍ਰੇਮ ਫ਼ਲਸਫ਼ਾ” ਵਿਸ਼ੇ ਤੇ ਪੀ ਐੱਚ ਡੀ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪ੍ਰਾਪਤ ਕੀਤੀ। ਇਹ ਖੋਜ ਕਾਰਜ ਉਸਨੇ ਪੰਜਾਬੀ, ਉਰਦੂ, ਫਾਰਸੀ ਤੇ ਅੰਗਰੇਜ਼ੀ ਕਵੀਆਂ ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਖ਼ਵਾਜਾ ਗੁਲਾਮ ਫ਼ਰੀਦ, ਉਰਦੂ ਕਵੀ ਅੱਲਾਮਾ ਇਕਬਾਲ, ਮਿਰਜ਼ਾ ਗ਼ਾਲਿਬ, ਫਾਰਸੀ ਕਵੀ ਰੂਮੀ ਤੇ ਹਾਫ਼ਿਜ਼ ਤੋਂ ਇਲਾਵਾ ਅੰਗਰੇਜ਼ ਦੇ ਕਵੀ ਵਿਲੀਅਮ ਬਲੇਕ ਤੇ ਮਿਲਟਨ ਦੇ ਹਵਾਲੇ ਨਾਲ ਇਹ ਖੋਜ ਕਾਰਜ ਸੰਪੂਰਨ ਕੀਤਾ।
ਡਾ. ਸੁਗਰਾ ਸੱਦਫ਼ ਦੀਆਂ ਹੋਰ ਕਾਵਿ ਪੁਸਤਕਾਂ ਵਿੱਚ “ਮੈਂ ਕਿਉਂ ਮੰਨੂੰ ਹਾਰ” “ਜੁਦਾ ਹੈਂ ਚਾਹਤੇਂ ਆਪ ਕੀ””ਵਾਅਦਾ”,”ਮਾਏ ਨੀ ਮੈਂ ਕੀਹਨੂੰ ਆਖਾਂ”
ਵੀ ਪਾਕਿਸਤਾਨੀ ਪਾਠਕਾਂ ਦੇ ਹਵਾਲੇ ਹੋ ਚੁਕੀਆਂ ਹਨ।
ਸੁਗਰਾ ਦੇ ਅਨੁਵਾਦ ਤੇ ਸੰਪਾਦਨ ਦੀਆਂ ਪੁਸਤਕਾਂ ਵਿੱਚ ਪੰਜਾਬ ਵਿੱਚ ਦੇਸੀ ਤਾਲੀਮ, ਪਾਉਲੋ ਕੋਲਿਹੋ ਦੀ ਰਚਨਾ ਅਲ -ਕੈਮਿਸਟ ਦਾ ਸ਼ਾਹਮੁਖੀ ਅਨੁਵਾਦ, ਫ਼ਲਸਫ਼ਾ ਏ ਇਸ਼ਕ, ਅੱਤਵਾਦੀ, ਕਿਰਨ ਕਿਰਨ ਸੂਰਜ, ਇਸ਼ਕ ਸਿਪਾਹੀ, ਕਿੱਥੇ ਮਿਹਰ ਅਲੀ ਕਿੱਥੇ ਤੇਰੀ ਸਨਾ, ਚਿੱਠੀਆਂ ਮੌਲਵੀ ਗੁਲਾਮ ਫ਼ਰੀਦ, ਚਾਹਤ ਕੀ 40 ਕਿਰਨੇਂ। ਕਿੱਸਾ ਸ਼ਾਹ ਮਨਸੂਰ,ਤਜ਼ਕਰਾ ਮੁਕੀਮੀਆ, ਸਫ਼ਰ ਉਲ ਇਸ਼ਕ ਕੇ ਜ਼ਰਬ ਉਲ ਅਸ਼ਆਰ(ਸੈਫੁਲ ਮਲੂਕ) ਤੋਹਫ਼ਾ ਮੀਰਾਂ, ਮਿਰਜ਼ਾ ਸਾਹਿਬਾਂ, ਭਗਤ ਕਬੀਰ, ਅੰਗਰੇਜ਼ੀ ਵਿੱਚ ਸੁਲਤਾਨ ਬਾਹੂ, ਬਾਬਾ ਫ਼ਰੀਦ , ਸੋਹਣੀ ਮਹੀਂਵਾਲ ਤੇ ਸ਼ੀਰੀਂ ਫਰਹਾਦ ਪ੍ਰਮੁੱਖ ਹਨ।
ਡਾ. ਸੁਗਰਾ ਸੱਦਫ਼ ਦੇ ਖੋਜ ਕਾਰਜਾਂ ਵਿੱਚ ਫ਼ੈਜ਼ ਕਾ ਇਮਰਾਨੀ ਫ਼ਲਸਫ਼ਾ ਤੇ ਮੀਆਂ ਮੁਹੰਮਦ ਬਖ਼ਸ਼ ਦਾ ਦੈਵੀ ਪਿਆਰ ਫ਼ਲਸਫ਼ਾ ਪ੍ਰਮੁੱਖ ਹਨ। ਰੋਜ਼ਨਾਮਾ ਜੰਗ ਵਿਚ ਉਹ ਲੰਮੇ ਸਮੇਂ ਤੋਂ ਹਫ਼ਤਾਵਾਰੀ ਕਾਲਮ “ਨੁਕਤਾ”, ਕਾਫ਼ ਕਲਾਮ ਤੇ ਇਸਤਗਰਾਕ ਨਾਮ ਹੇਠ ਲਿਖਦੀ ਹੈ।
ਉਸਨੇ ਹੋਰ ਕਵੀਆਂ ਦੀਆਂ ਚੋਣਵੀਆਂ ਲਿਖਤਾਂ ਵੀ ਸੰਪਾਦਿਤ ਕੀਤੀਆਂ ਹਨ ਜਿੰਨ੍ਹਾਂ ਵਿੱਚੋਂ ਤੇਰੀ ਖ਼ੁਸ਼ਬੂ ਰੁਲਾਤੀ ਹੈ, ਮੈਂ ਤੈਨੂੰ ਫੇਰ ਮਿਲਾਂਗੀ, ਸ਼ੀਰੀਂ ਫਹਰਾਦ ਤੇ ਸੈਫੁਲ ਮਲੂਕ ਹਨ।
ਸੁਗਰਾ ਸੱਦਫ਼ ਕਦੇ ਕਦੇ ਕਹਾਣੀ ਵੀ ਲਿਖਦੀ ਹੈ। ਉਸ ਦਾ ਇੱਕੋ ਇੱਕ ਕਹਾਣੀ ਸੰਗ੍ਰਹਿ “ਬਿਰਹਾ ਮੱਚ ਮਚਾਇਆ” ਵੀ ਪ੍ਰਕਾਸ਼ਿਤ ਹੋ ਚੁਕਾ ਹੈ।
ਪਾਕਿਸਤਾਨ ਟੀ ਵੀ ਚੈਨਲ ਤੇ ਉਹ ਸੰਮੇ ਸਮੇਂ ਤੋਂ ਕੰਪੀਅਰ ਤੇ ਸਕਰਿਪਟ ਲੇਖਕ ਵਜੋਂ ਕੰਮ ਕਰਦੀ ਹੈ। ਉਸ ਦੇ ਹਫ਼ਤਾਵਾਰੀ ਸਾਹਿੱਤਕ ਪ੍ਰੋਗ੍ਰਾਮ ਮਹਿਕਾਂ, ਸੁਖਨ ਦੇ ਵਾਰਿਸ, ਸੂਫ਼ੀ ਸੰਗ, ਸੁਰ ਸੁਗਾਤ ਤੇ ਮਨ ਸੂਫ਼ੀ ਬਹੁਤ ਪ੍ਰਵਾਨਤ ਹੋਏ ਹਨ।
ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜਿਜ ਐਂਡ ਕਲਚਰ (ਪਿਲਾਕ)ਵਿੱਚ ਉਸ ਨੇ ਐੱਫ ਐੱਮ 95 ਰੇਡੀਉ ਸਟੇਸ਼ਨ ਦੀ ਵੀ ਸਥਾਪਨਾ ਕੀਤੀ। ਇਥੇ ਉਸ ਨੇ ਲੋਕ ਸਟੁਡੀਉ ਤੋਂ ਇਲਾਵਾ ਪੰਜਾਬ ਆਡੀਟੋਰੀਅਮ ਵੀ ਬਣਵਾਇਆ।
ਪਿਲਾਕ ਵੱਲੋਂ ਖੋਜ ਰਸਾਲਾ “ਪੰਜਾਬ ਰੰਗ” ਦਾ ਵੀ ਪ੍ਰਕਾਸ਼ਨ ਆਰੰਭਿਆ। ਸਾਲ 2017-18 ਵਿੱਚ ਉਨ੍ਹਾਂ ਦੀ ਅਗਵਾਈ ਹੇਠ ਸ਼ਾਹ ਹੁਸੈਨ ਤੇ ਮਾਧੋ ਲਾਲ ਦੇ ਮਜ਼ਾਰ ਤੇ “ਮੇਲਾ ਚਿਰਾਗਾਂ” ਸ਼ੁਰੂ ਕੀਤਾ। ਸਾਲ 2018 ਵਿੱਚ ਹੀ ਆਪ ਨੇ 100 ਸਿਰਕੱਢ ਕਲਾਕਾਰਾਂ ਦੀ ਸ਼ਮੂਲੀਅਤ ਵਾਲਾ ਪਾਕਿਸਤਾਨ ਕਲਚਰਲ ਫੈਸਟੀਵਲ ਆਰੰਭਿਆ।
ਡਾ. ਸੁਗਰਾ ਸੱਦਫ਼ ਨੇ ਇੰਗਲੈਂਡ, ਅਮਰੀਕਾ, ਭਾਰਤ, ਕੈਨੇਡਾ, ਨਾਰਵੇ , ਇਟਲੀ, ਫਰਾਂਸ, ਸਪੇਨ, ਚੀਨ ,ਯੂ ਏ ਈ,ਕਤਰ ਤੇ ਓਮਾਨ ਵਿੱਚ ਫ਼ਲਸਫ਼ੇ ਬਾਰੇ ਵਿਸ਼ੇਸ਼ ਭਾਸ਼ਨ ਵੀ ਦਿੱਤੇ ਹਨ।
2018 ਵਿੱਚ ਹੀ ਆਪ ਨੇ ਸਾਊਦੀ ਅਰਬ ਵਿੱਚ ਉਮਰਾ ਵੀ ਕੀਤਾ।
ਲਾਹੌਰ (ਪਾਕਿਸਤਾਨ) ਵੱਸਦੀ ਲੇਖਿਕਾ ਡਾ. ਸੁਗ਼ਰਾ ਸੱਦਫ਼ ਪੰਜਾਬੀ ਕਵਿਤਾ ਤੇ ਕਹਾਣੀ ਦੀ ਸਫ਼ਲ ਸਿਰਜਕ ਹੈ। ਇੱਕੋ ਜਿੰਨੀ ਮੁਹਾਰਤ ਨਾਲ ਧਰਤੀ ਦੀ ਦਰਦਾਂ ਭਿੱਜੀ ਬਾਤ ਸੁਣਾਉਂਦੀ। ਉਸ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਬੋਲ ਕਿਤੇ ਕਿਤੇ ਹਟਕੋਰੇ ਭਰਦੇ, ਹੌਕੇ ਲੈਂਦੇ ਆਪਣੀ ਵਾਰਤਾ ਤੁਹਾਡੇ ਸਾਹਾ ਸਵਾਸਾਂ ਵਿੱਚ ਘੋਲ਼ ਜਾਂਦੇ ਹਨ। ਅਜਬ ਜਹੀ ਕਸ਼ਮਕਸ਼ ਪਾਠਕ ਦੇ ਅੰਦਰ ਨੂੰ ਸਰਕਦੀ ਤੁਰੀ ਜਾਂਦੀ ਹੈ। ਉਸ ਦੇ ਕਾਵਿ ਬੋਲ ਸਹਿਜਵੰਤੇ ਹਨ, ਕਾਹਲੇ ਨਹੀਂ। ਉਹ ਵਾਹੋਦਾਰੀ ਸਰਪੱਟ ਨਹੀਂ ਦੌੜਦੀ ਸਗੋਂ ਕਦਮ ਦਰ ਕਦਮ ਟਹਿਲਦੀ ਪ੍ਰਤੀਤ ਹੁੰਦੀ ਹੈ। ਸ਼ਬਦ ਉਸ ਦੀ ਅਰਦਲ ਵਿੱਚ ਅਰਜ਼ਮੰਦ ਬਣ ਖਲੋਂਦੇ ਹਨ। ਇੰਜ ਲੱਗਦੈ ਜਿਵੇ ਆਖ ਰਹੇ ਹੋਣ, ਸੁਗ਼ਰਾ! ਸਾਨੂੰ ਆਪਣੀ ਕਲਮ ਦੀ ਜ਼ਬਾਨੀ ਕਹਿ ਤੇ ਸਾਨੂੰ ਆਪਣੇ ਹਿੱਸੇ ਦੀ ਗੱਲ ਕਹਿਣ ਦੇ। ਇਹ ਕਦੇ ਕਦੇ ਹੀ ਵਾਪਰਦਾ ਹੈ।
ਡਾਃ ਸੁਗ਼ਰਾ ਸੱਦਫ਼ ਦੀ ਸ਼ਾਇਰੀ ਵਿੱਚ ਤਰਲਤਾ ਵੀ ਹੈ ਤੇ ਸਰਲਤਾ ਵੀ। ਉਹ ਬੁਝਾਰਤਾਂ ਨਹੀਂ ਪਾਉਂਦੀ ਸਗੋਂ ਆਪਣੀ ਗੱਲ ਬੇਬਾਕੀ ਨਾਲ ਸਾਡੇ ਹਵਾਲੇ ਕਰਕੇ ਖ਼ੁਦ ਸੁਰਖ਼ਰੂ ਹੋ ਜਾਂਦੀ ਹੈ। ਉਸ ਦਾ ਕਾਵਿ ਮਨ ਹਰ ਪਲ ਧਰਤੀ ਦੇ ਵਣ ਤ੍ਰਿਣ, ਜਲ ਥਲ, ਅੰਬਰ ਵਿਚਲੇ ਤਾਰਿਆਂ ਤੇ ਹੋਰ ਨਿੱਕੇ ਵੱਡੇ ਨਛੱਤਰਾਂ ਦੀ ਥਾਹ ਪਾਉਂਦਾ ਹੈ। ਹਰ ਵਰਤਾਰੇ ਪਿਛਲੇ ਸੰਸਾਰ ਦੀ ਕਸ਼ਮਕਸ਼ ਦਾ ਵਿਸ਼ਲੇਸ਼ਣ ਸਹਿਜ ਸੁਭਾਇ ਸਾਨੂੰ ਹਾਸਲ ਹੋ ਜਾਂਦਾ ਹੈ। ਫ਼ਲਸਫ਼ੀ ਹੋ ਕੇ ਵੀ ਉਸ ਦੀ ਕਵਿਤਾ ਸਹਿਜ ਤੇ ਸੁਹਜ ਨਾਲ ਭਰਪੂਰ ਰਹਿੰਦੀ ਹੈ, ਇਹੀ ਸੁਗ਼ਰਾ ਦੀ ਪ੍ਰਾਪਤੀ ਹੈ।
ਡਾਃ ਸੁਗ਼ਰਾ ਸੱਦਫ਼ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਸਰਸਾਲ ਦੇ ਰਾਜਾ ਸ਼ਾਹ ਅਸਵਾਰ ਦੇ ਘਰ ਅੰਮੀ ਇਨਾਇਤ ਬੇਗ਼ਮ ਦੀ ਕੁੱਖੋਂ 4 ਫ਼ਰਵਰੀ 1963 ਨੂੰ ਜੰਮੀ।
“ਅੱਜ ਮੈਂ ਤੇਰਾ ਸੁਫ਼ਨਾ ਬਣਨਾ” ਡਾਃ ਸੁਗ਼ਰਾ ਸੱਦਫ਼ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ ਜਿਸ ਨੂੰ ਸ਼ੇਖ਼ੂਪੁਰਾ ਵੱਸਦੇ ਸ਼ਾਇਰ ਦੋਸਤ ਜਨਾਬ ਮੁਹੰਮਦ ਆਸਿਫ਼ ਰਜ਼ਾ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ ਹੈ ਅਤੇ ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋਇਆ ਹੈ।
ਸੁਗਰਾ ਸੱਦਫ਼ ਦੀ ਸ਼ਾਇਰੀ ਆਮ ਲੋਕਾਂ ਦੀ ਜ਼ਬਾਨ ਤੇ ਚੜ੍ਹਨ ਵਾਲੀ ਹੈ ਨਿਰਉਚੇਚ। ਖ਼ੁਦ ਰੌ ਚ਼ਸ਼ਮੇ ਜਹੀ

ਮੈਂ ਪੂਣੀ ਦਾ ਚੰਨ ਬਣਾ ਕੇ ਰਸਤਾ ਤੱਕਿਆ ਚੇਤਰ ਦਾ।
ਖ਼ੌਰੇ ਕਾਹਨੂੰ ਮੇਰੇ ਕੋਲੋਂ ਮੌਸਮ ਝੱਕਿਆ ਚੇਤਰ ਦਾ।

ਹਰਿਆ ਭਰਿਆ ਰੂਪ ਸੁਲੱਖਣਾ, ਹਿਰਸੀ ਨਜ਼ਰਾਂ ਖਾ ਗਈਆਂ,
ਹਿਜਰਾਂ ਦੇ ਪੱਤਝੜ ਵਿਚ ਝੜ ਝੜ ਜੋਬਨ ਥੱਕਿਆ ਚੇਤਰ ਦਾ।

ਮੋਰਾਂ ਵਾਂਗ ਹਯਾਤੀ ਪੈਲਾਂ ਪਾਂਦੀ ਪਾਂਦੀ ਹਫ਼ ਗਈ,
ਜਾਦੂਗਰਨੀ ਰੁੱਤ ਨੇ ਆ ਕੇ ਸਾਹ ਕੀ ਡੱਕਿਆ ਚੇਤਰ ਦਾ।

ਏਨੀ ਗੱਲ ਈ ਪੁੱਛਣੀ ਸੀ ਮੈਂ ਸ਼ੀਸ਼ੇ ਦੇ ਗੁਲਦਾਨਾਂ ਤੋਂ,
ਕਾਗ਼ਜ਼ ਦੇ ਫੁੱਲਾਂ ਕਿਉਂ ਨੰਗਾ ਸਿਰ ਨਹੀਂ ਢਕਿਆ ਚੇਤਰ ਦਾ।
ਉਸ ਨੇ ਜੀਵਨ ਫ਼ਲਸਫ਼ੇ ਨੂੰ ਵੀ ਸ਼ਬਦਾਂ ਵਿੱਚ ਪਰੋਇਆ ਹੈ। ਆਮ ਸਾਧਾਰਨ ਗੱਲ ਕਰਦਿਆਂ ਵੀ ਉਹ ਜੀਵਨ ਦਰਸ਼ਨ ਦੀ ਝਾਤ ਪੁਆ ਜਾਂਦੀ ਹੈ।

ਤੱਕਲੇ ਨਾਲੋਂ ਟੁੱਟੀ ਹੋਈ ਤੰਦ ਏ ਜਿੰਦੜੀ।
ਜੁੱਸੇ ਦੀ ਅਲਮਾਰੀ ਅੰਦਰ ਬੰਦ ਏ ਜਿੰਦੜੀ।

ਕਿਵੇਂ ਮਿਲੀਏ ਪਾ ਕੇ ਲੀੜੇ ਸ਼ੀਸ਼ੇ ਦੇ,
ਅੱਧ ਵਿਚਕਾਰ ਖਲੋਤੀ ਪੱਕੀ ਕੰਧ ਏ ਜਿੰਦੜੀ।
ਯਾਦਾਂ ਦੇ ਪੰਖੇਰੂ ਅਕਸਰ ਤਾਰ ਤੇ ਬਹਿਣ ਸਾਰ ਅਜਬ ਕੰਬਣੀ ਛੇੜ ਜਾਂਦੇ ਹਨ। ਦਿਲ ਦੀ ਬਗੀਚੀ ਵਿੱਚ ਮਹਿਕ ਭਿੱਜੇ ਰਿਸ਼ਤੇ ਅਕਸਰ ਮਹਿਕੰਦੜੇ ਫੰਬੇ ਵਰਤਾ ਜਾਂਦੇ ਹਨ। ਇਹੀ ਹਾਲ ਸੁਗਰਾ ਸੱਦਫ਼ ਦੇ ਮਨ ਦਾ ਵੀ ਹੈ।

ਉਹਦੀ ਖ਼ੁਸ਼ਬੂ ਜਦ ਵੀ ਆਵੇ ਦਿਲ ਦੇ ਸੁੰਝੇ ਵਿਹੜੇ।
ਰੱਜ ਰੱਜ ਇਸ਼ਕ ਧਮਾਲਾਂ ਪਾਵੇ ਦਿਲ ਦੇ ਸੁੰਝੇ ਵਿਹੜੇ।

ਕਾਲੇ ਕਾਗ ਨੂੰ ਚੂਰੀ ਪਾਵਾਂ, ਕੀ ਕੀ ਸ਼ਗਨ ਮਨਾਵਾਂ,
ਜੇਕਰ ਉਹ ਤਸ਼ਰੀਫ਼ ਲਿਆਵੇ ਦਿਲ ਦੇ ਸੁੰਝੇ ਵਿਹੜੇ।
ਸੁਗਰਾ ਵਿਦਵਾਨ ਸ਼ਾਇਰਾ ਹੈ ਪਰ ਉਸ ਦੇ ਕਵੀ ਮਨ ਦੀ ਤਰਲਤਾ ਤੇ ਸਰਲਤਾ ਦੇ ਨਾਲ ਨਾਲ ਫ਼ਲਸਫ਼ਾ ਵੀ ਤੁਰਦਾ ਹੈ। ਉਸਨੂੰ ਰੇਸ਼ਮ ਦੇ ਕੀੜੇ ਵਾਂਗ ਆਪਣੇ ਵਿੱਚੋਂ ਦੀ ਲੰਘਾ ਕੇ ਸ਼ਬਦਾਂ ਦਾ ਰੇਸ਼ਮ ਘੜਨਾ ਆਉਂਦਾ ਹੈ।

ਖੋ ਕੇ ਲੈ ਗਿਆ ਰੰਗ ਅਸਾਡੇ ਇੱਕ ਬੁੱਕਲ਼ ਦਾ ਚੋਰ।
ਹੰਝੂਆਂ ਦੇ ਨਾਲ਼ ਭਿੱਜ ਗਈ ਮੇਰੀ ਚੁੰਨੀ ਨਵੀਂ ਨਕੋਰ।

ਕੈਦੋ ਵੇਲੇ ਦਾ ਸ਼ੈਤਾਨ ਏ ਮਾਏ ਨਾ ਉਹਦੀ ਮੰਨ,
ਮੈਂ ਅਜ਼ਲਾਂ ਤੋਂ ਮੰਗ ਰਾਂਝੇ ਦੀ ਖੇੜਿਆਂ ਨਾਲ਼ ਨਾ ਟੋਰ।
ਸੁਗਰਾ ਰੀਝਾਂ, ਉਮੰਗਾਂ ਤੇ ਤਰੰਗਾਂ ਦੀ ਸ਼ਾਇਰਾ ਹੈ। ਉਹ ਆਸਾਂ ਤੇ ਉਮੀਦਾਂ ਦੇ
ਚਿਰਾਗ ਬਾਲ਼ਦੇ ਸ਼ਬਦਾਂ ਦੀ ਸਿਰਜਣਹਾਰੀ ਹੈ।
ਆਸ ਦਾ ਦੀਵਾ ਬਾਲ ਵੇ ਮਾਹੀ।
ਡਾਢਾ ਮੰਦੜਾ ਹਾਲ ਵੇ ਮਾਹੀ।

ਜਦ ਦੁੱਖਾਂ ਨੇ ਧਰਨਾ ਦਿੱਤਾ,
ਤੂੰ ਨਾ ਬੈਠੋਂ ਨਾਲ਼ ਵੇ ਮਾਹੀ।

ਤੇਰੇ ਬਾਝੋਂ ਲੰਘ ਈ ਗਏ ਨੇਂ,
ਸਦੀਆਂ ਵਰਗੇ ਸਾਲ ਵੇ ਮਾਹੀ।

ਬਾਝ ਪਰਾਂ ਦੇ ਉੱਡਦੀ ਪਈ ਆਂ,
ਇਸ਼ਕ ਦਾ ਉੱਚ ਕਮਾਲ ਵੇ ਮਾਹੀ।

ਉਹ ਕਵਿਤਾ ਇੰਜ ਲਿਖਦੀ ਹੈ ਜਿਵੇਂ ਕੋਈ ਗੱਲਾਂ ਕਰ ਰਿਹਾ ਹੋਵੇ। ਪੋਲੇ ਪੋਲੇ ਸ਼ਬਦ। ਦੂਸਰਾ ਸਮਝ ਵੀ ਲਵੇ ਤੇ ਬਿਨ ਬੋਲਿਆਂ ਹੁੰਗਾਰਾ ਵੀ ਭਰ ਜਾਵੇ। ਇਸ ਗੁਫ਼ਤਗੂ ਦਾ ਅੰਦਾਜ਼ ਸਭ ਤੋਂ ਪਿਆਰਾ ਹੁੰਦਾ ਹੈ।
ਸੁਫ਼ਨਾ ਆਪ ਵਿਸਾਲ ਤੇ ਨਹੀਂ ਨਾ।
ਯਾਦ ਹਿਜਰ ਦੀ ਢਾਲ਼ ਤੇ ਨਹੀਂ ਨਾ।

ਹਰ ਕੋਈ ਰਾਂਝਾ ਜੋਗੀ ਨਾਹੀਂ,
ਹਰ ਕੋਈ ਹੀਰ ਸਿਆਲ਼ ਤੇ ਨਹੀਂ ਨਾ।

ਉਹਨੂੰ ਆਖੋ ਆ ਵੀ ਜਾਵੇ,
ਪਲ ਦਾ ਮਤਲਬ ਸਾਲ ਤੇ ਨਹੀਂ ਨਾ।

ਜਿਸ ਇੱਕ ਹੋਣ ਨਾ ਦਿੱਤਾ ਸਾਨੂੰ,
ਉਹ ਹੁਣ ਤੇਰੇ ਨਾਲ਼ ਤੇ ਨਹੀਂ ਨਾ।
ਸੁਗਰਾ ਸੱਦਫ਼ ਦੀ ਸਾਦਗੀ ਨੂੰ ਸਲਾਮ! ਸ਼ਬਦ ਠੁਮਕ ਠੁਮਕ ਤੁਰਦੇ ਹਨ, ਟਹਿਲਣ ਵਾਂਗ। ਇਹ ਸਲੀਕਾ ਵਿਰਲੇ ਸ਼ਾਇਰਾਂ ਨੂੰ ਨਸੀਬ ਹੁੰਦਾ ਹੈ। ਉਹ ਹਰ ਪਲ ਮਹਿਕ ਦੇ ਬੁੱਲੇ ਨਾਲ ਲੈ ਕੇ ਤੁਰਦੀ ਹੈ। ਮਹਿਕ ਮਹਿਕ ਲਟਬਾਵਰੀ।

ਪਾਸਾ ਵੱਟ ਕੇ ਲੰਘਦਾ ਨਾਲੇ ਮੁੱਖ ਲੈਂਦਾ ਪਰਤਾ।
ਝੱਲੀਏ ਉਹਦੀ ਖ਼ਾਤਿਰ ਹੱਸਦੀਆਂ ਅੱਖਾਂ ਨਾ ਛਲਕਾ।

ਮਸਤੀ ਦੇ ਵਿਚ ਡੋਲਣ ਸ਼ਾਖ਼ਾਂ ਕਲੀਆਂ ਡਿੱਗ ਡਿੱਗ ਜਾਵਣ,
ਉਹਦੇ ਜਿਸਮ ਦੀ ਖ਼ੁਸ਼ਬੂ ਲੈ ਕੇ ਉੱਡਦੀ ਫਿਰੇ ਹਵਾ।

ਮੈਂ ਨ੍ਹੇਰੇ ਦੀ ਬੁੱਕਲ ਮਾਰ ਕੇ ਤੇਰੇ ਬੂਹੇ ਆਈ,
ਆਪਣੇ ਰੂਪ ਦਾ ਕੁਝ ਤੇ ਚਾਨਣ ਮੇਰੀ ਝੋਲ਼ੀ ਪਾ।

ਅਜ਼ਲੋਂ ਮੈਂ ਰਸਮਾਂ ਦੀ ਕੈਦੀ, ਤੂੰ ਅੰਬਰਾਂ ਦਾ ਵਾਸੀ,
ਚੰਨ ਦਾ ਠੂਠਾ ਲੈ ਕੇ ਜੋਗੀਆ! ਮੇਰੇ ਵਿਹੜੇ ਆ।
ਸੁਗਰਾ ਸੱਦਫ਼ ਦੀ ਸ਼ਾਇਰੀ ਤੇ ਸੂਫ਼ੀਆਂ ਦਾ ਅੰਦਾਜ਼ ਏ ਬਿਆਨ ਪੈਰ ਪੈਰ ਤੇ ਨਾਲ ਨਾਲ ਅੰਗ ਸੰਗ ਤੁਰਦਾ ਹੈ। ਉਸ ਦੇ ਸ਼ਬਦਾਂ ਦਾ ਮੂੰਹ ਮੁਹਾਂਦਰਾ ਸੂਫ਼ੀ ਪਰੰਪਰਾ ਨਾਲ ਮੂੰਹ ਧੋਂਦਾ ਪ੍ਰਤੀਤ ਹੁੰਦਾ ਹੈ।
ਮੈਂ ਕੱਲ੍ਹੀ ਰਸਤੇ ਵੀ ਕੱਲ੍ਹੇ ਨਾਲ਼ ਮੇਰੇ ਕੋਈ ਚੱਲੇ।
ਇਸ਼ਕ ਦੇ ਨੀਲੇ ਪਰਬਤ ਥੱਲੇ ਨਾਲ਼ ਮੇਰੇ ਕੋਈ ਚੱਲੇ।

ਕੌਣ ਏ ਜਿਹੜਾ ‘ਵਾ ਦੇ ਓਹਲੇ ‘ਵਾਜਾਂ ਮਾਰੀ ਜਾਵੇ,
ਕੁਝ ਨਹੀਂ ਪੈਂਦਾ ਮੇਰੇ ਪੱਲੇ ਨਾਲ਼ ਮੇਰੇ ਕੋਈ ਚੱਲੇ।

ਹੌਲੀ ਹੌਲੀ ਢਲ਼ਦਾ ਜਾਵੇ, ਸੱਧਰਾਂ ਦਾ ਪਰਛਾਵਾਂ,
ਢਲਦੀ ਜਿੰਦ ਨੂੰ ਜਿਹੜਾ ਠੱਲ੍ਹੇ ਨਾਲ਼ ਮੇਰੇ ਕੋਈ ਚੱਲੇ।

ਮੇਰੇ ਵੱਲੇ ਹੋ ਕੇ ਜਿਹੜਾ ਮੇਰੇ ਵੱਲ ਨਹੀਂ ਆਇਆ
ਟੁਰ ਪਈ ਆਂ ਮੈਂ ਉਹਦੇ ਵੱਲੇ ਨਾਲ਼ ਮੇਰੇ ਕੋਈ ਚੱਲੇ।
ਅੱਜ ਮੈਂ ਤੇਰਾ ਸੁਫ਼ਨਾ ਬਣਨਾ ਬਾਰੇ ਲਿਖਦਿਆਂ ਪਾਕਿਸਤਾਨ ਦੇ ਬੁਲੰਦ ਸ਼ਾਇਰ ਜ਼ਫ਼ਰ ਇਕਬਾਲ ਸਾਹਿਬ ਲਿਖਦੇ ਹਨਃ
ਅੱਜ ਮੈਂ ਤੇਰਾ ਸੁਫ਼ਨਾ ਬਣਨਾ ਡਾ. ਸੁਗ਼ਰਾ ਸੱਦਫ਼ ਦੀਆਂ ਪੰਜਾਬੀ ਗ਼ਜ਼ਲਾਂ ਦਾ ਪਰਾਗਾ ਹੈ ਜਿਸ ਦਾ ਸਮਰਪਣ ਉਨ੍ਹਾ ਨੇ ਚੜ੍ਹਦੇ ਪੰਜਾਬ ਦੇ ਉਚੇਰੇ ਸ਼ਾਇਰ ਗੁਰਭਜਨ ਸਿੰਘ ਗਿੱਲ ਦੇ ਨਾਮ ਕੀਤਾ ਏ । ਡਾ. ਸੁਗ਼ਰਾ ਸੱਦਫ਼ ਹੁਰੀਂ ਪੰਜਾਬੀ ਸ਼ਾਇਰੀ ਵਿਚ ਨਿਵੇਕਲਾ ਸਥਾਨ ਰੱਖਦੇ ਨੇ । ਉਨ੍ਹਾਂ ਦੀ ਨਸਰ ਵਿਚ ਵੀ ਸ਼ਾਇਰਾਨਾ ਰੰਗ ਮੌਜੂਦ ਹੁੰਦਾ ਹੈ । ਪੰਜਾਬ ਜ਼ਬਾਨ ਲਈ ਕੰਮ ਕਰਨ ਵਾਲੇ ਸਰਕਾਰੀ ਅਦਾਰੇ “ਪਿਲਾਕ” ਦੀ ਡਾਇਰੈਕਟਰ ਜਨਰਲ ਦੇ ਤੌਰ ‘ਤੇ ਉਨ੍ਹਾਂ ਦੇ ਕੰਮਾਂ ਦੀ ਪੂਰੇ ਜੱਗ ਦੇ ਪੰਜਾਬੀਆਂ ਨੇ ਸਲਾਹੁਤਾ ਕੀਤੀ । ਉਨ੍ਹਾਂ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਪੰਜਾਬੀ ਵਿਚ ਤਰਜਮਾ ਕਰ ਕੇ ਉੱਚਾ ਕੰਮ ਕੀਤਾ ਏ । ਆਪ ਵੀ ਸੂਫ਼ੀਇਜ਼ਮ ਵਿਚ ਪੀ ਐੱਚ. ਡੀ. ਨੇ । ਇੰਝ ਤਸੱਵਫ਼ ਉਨ੍ਹਾ ਦੀ ਜ਼ਾਤ ਵਿਚ ਰਚਿਆ ਵਸਿਆ ਹੋਇਆ ਹੈ । ਇਸ ਸ਼ਿਅਰੀ ਮਜਮੂਏ ਵਿਚ ਵੀ ਤੁਹਾਨੂੰ ਰੋਮਾਨੀ ਤੇ ਤਸੱਵਫ਼ ਦਾ ਨਿਵੇਕਲਾ ਮਿਲਾਪ ਨਜ਼ਰੀਂ ਆਵੇਗਾ । ਗ਼ਜ਼ਲਾਂ ਬਹੁੰ ਸੋਹਣੀਆਂ ਤੇ ਚੰਗੀਆਂ ਨੇ । ਹੱਕੀ ਗੱਲ ਇਹ ਵੇ ਕਿ ਡਾ. ਸੁਗ਼ਰਾ ਸੱਦਫ਼ ਦੀ ਸ਼ਾਇਰੀ ਵਿਚ ਉਹ ਸਾਰੀਆਂ ਨਜ਼ਾਕਤਾਂ, ਡੂੰਘੀਆਂ ਰਮਜ਼ਾਂ ਤੇ ਸੱਜਰੀਆਂ ਖ਼ੁਸ਼ਬੂਆਂ ਛਲਕ ਛਲਕ ਪੈਂਦੀਆਂ ਨੇ,ਜਿਹੜੀਆਂ ਇਸ ਵੱਡੀ ਜ਼ਬਾਨ ਦਾ ਖ਼ਾਸਾ ਨੇ । ਅਸਲ ਵਿਚ ਇਹ ਮੁਹੱਬਤ ਦੀ ਸ਼ਾਇਰੀ ਏ ਜਿਸ ਦੇ ਵਿਚ ਤਸੱਵਫ਼ ਤੇ ਰੂਹਾਨੀਅਤ ਦਾ ਤੜਕਾ ਬਹੁੰ ਸੋਹਣੇ ਢੰਗ ਨਾਲ ਖ਼ੁਸ਼ਬੂਆਂ ਖਿਲਾਰਦਾ ਪਿਆ ਏ ।

ਪ੍ਰਸਿੱਧ ਪੰਜਾਬੀ ਸ਼ਾਇਰ ਤੇ ਚੇਤਨਾ ਪ੍ਰਕਾਸ਼ਨ ਦਾ ਮੁੱਖ ਪ੍ਰਬੰਧਕ ਸਤੀਸ਼ ਗੁਲਾਟੀ ਇਸ ਕਿਤਾਬ ਬਾਰੇ ਲਿਖਦਿਆਂ ਕਹਿੰਦਾ ਹੈ ਕਿ ਸੁਗਰਾ ਸੱਦਫ਼ ਕੋਲ ਅੱਛੀ ਜ਼ਬਾਨਦਾਨੀ ਹੈ ਜਿਸਨੂੰ ਉਹ ਬੋਲ ਚਾਲ ਦੀ ਭਾਸ਼ਾ ਵਿੱਚ ਸ਼ਾਇਰੀ ਕਰਨ ਲਈ ਵਰਤਦੀ ਹੈ। ਦੂਰ ਦੋਮੇਲ ਤੇ ਜਿੱਥੇ ਧਰਤੀ ਆਕਾਸ਼ ਮਿਲਦੇ ਪ੍ਰਤੀਤ ਹੁੰਦੇ ਨੇ, ਕਈ ਵਾਰ ਤਾਂ ਉਥੇ ਵੀ ਹੱਥ ਲਾ ਆਉਂਦੀ ਹੈ।
ਪਾਕਿਸਤਾਨ ਚ ਲਿਖੀ ਜਾ ਰਹੀ ਬਹੁਤੀ ਕਵਿਤਾ ਧਰਤਮੁਖੀ ਹੈ, ਗਗਨਮੁਖੀ ਨਹੀਂ। ਗਗਨਮੁਖੀ ਕਵਿਤਾ ਹੋਵੇ ਜਾਂ ਗ਼ਜ਼ਲ ਉਹ ਸੁਪਨਮਈ ਸਰੂਪ ਧਾਰ ਲੈਂਦੀ ਹੈ। ਉਸ ਦੀ ਇਸ ਕਿਤਾਬ ਦਾ ਨਾਮ ਭਾਵੇਂ “ਅੱਜ ਮੈਂ ਤੇਰਾ ਸੁਫ਼ਨਾ ਬਣਨਾ” ਹੈ ਪਰ ਉਸ ਦੀ ਸਮੁੱਚੀ ਗ਼ਜ਼ਲ ਧਰਤੀ ਦੀ ਹਕੀਕਤ ਦੇ ਨੇੜੇ ਹੈ। ਸ਼ਾਇਦ ਏਸੇ ਕਰਕੇ ਸਾਨੂੰ ਆਪਣੀ ਬਾਤ ਜਾਪਦੀ ਹੈ।
ਭਾਰਤੀ ਪੰਜਾਬ ਵਿੱਚ ਗੁਰਮੁਖੀ ਅੱਖਰਾਂ ਵਿੱਚ ਇਹ ਉਸਦੀ ਪਹਿਲੀ ਕਿਤਾਬ ਹੈ
ਇਸ ਲਈ ਇਸ ਦਾ ਮਹੱਤਵ ਪਾਠਕਾਂ ਲਈ ਹੋਰ ਵੀ ਵੱਧ ਹੈ। ਸੱਜਰੇ ਇਹਸਾਸ ਵਾਲੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਕੇ ਸਾਨੂੰ ਚੰਗਾ ਚੰਗਾ ਮਹਿਸੂਸ ਹੋ ਰਿਹਾ ਹੈ।
ਮੇਰਾ ਪ੍ਰਬਲ ਵਿਸ਼ਵਾਸ ਹੈ ਕਿ ਧਰਤੀ ਦੀ ਜ਼ਬਾਨ ਵਰਗੇ ਇਸ ਸ਼ਾਇਰੀ ਦੇ ਪਰਾਗੇ ਨੂੰ ਪੰਜਾਬੀ ਪਿਆਰੇ ਲਾਜ਼ਮੀ ਭਰਪੂਰ ਹੁੰਗਾਰਾ ਭਰਨਗੇ

 

ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ

Add new comment