ਸਿੱਖ ਅਤੇ ਖਾਲਸਾ ਦੋਨਾਂ ਨੂੰ ਰਲਗੱਡ ਕਰਨਾ : ਗੁਰੂਆਂ ਦਾ ਅਪਮਾਨ ਹੈ : ਡਾ. ਪਰਮਜੀਤ ਸਿੰਘ ਰਾਣੂ

ਪਿਛਲੇ ਦਿਨੀਂ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਵਲੋਂ ਇੱਕ ਬਿਆਨ ਆਇਆ ਸੀ ਕਿ ਸਿੱਖ ਬਣਨ ਲਈ ਕੇਸ ਰੱਖਣੇ ਜਰੂਰੀ ਨਹੀਂ, ਸ਼ਰਧਾ ਜਰੂਰੀ ਹੈ, ਪਰ ਅੰਮ੍ਰਿਤਧਾਰੀ ਸਿੰਘ ਅਤੇ ਖਾਲਸੇ ਬਣਨ ਲਈ ਕੇਸ ਰੱਖਣੇ ਜਰੂਰੀ ਹਨ। ਇਸ ਵਿੱਚ ਰੱਤੀ ਭਰ ਵੀ ਝੂਠ ਨਹੀਂ ਹੈ।
ਜਦਕਿ ਠਾਕੁਰ ਜੀ ਦੇ ਬਿਆਨ ਦੇ ਵਿਰੁੱਧ ਵਿੱਚ,ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤਾ ਹੈ ਕਿ ਸਿੱਖ ਬਣਨ ਲਈ, ਕੇਸਾਂ ਦੀ ਰਹਿਤ ਜਰੂਰੀ ਹੈ ਅਤੇ ਉਹਨਾਂ ਠਾਕੁਰ ਦਲੀਪ ਸਿੰਘ ਜੀ ਦੇ ਬਿਆਨ ਦਾ ਵਿਰੋਧ ਕੀਤਾ ਹੈ ਜਿਸ ਦੀ ਅਸੀਂ ‘ਸਹਿਜਧਾਰੀ ਸਿੱਖ ਪਾਰਟੀ’ ਵਲੋਂ ਨਿੰਦਿਆ ਕਰਦੇ ਹਾਂ। ਸ਼ਾਇਦ ਜਥੇਦਾਰ ਸਾਹਿਬ ਵੀ ਸੰਪਰਦਾਇਕ ਤਾਕਤਾਂ ਦੇ ਹੱਥ ਠੇਕੇ ਥਾਣ ਕੇ ਇਹੋ ਜਿਹੇ ਬਿਆਨ ਦੇ ਰਹੇ ਹਨ।
ਜਥੇਦਾਰ ਸਾਹਿਬ ਯਾਦ ਕਰੋ ਕਿ ਸਿੱਖ ਧਰਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਸਿੱਖ ਧਰਮ ਕੁਦਰਤ ਅਤੇ ਵਿਗਿਆਨ ਦਾ ਸੁਮੇਲ ਹੈ ਜਿਥੇ ਕੱਟੜਤਾ, ਭੇਦ ਭਾਵ ਅਤੇ ਵਿਤਕਰੇ ਲਈ ਕੋਈ ਅਸਥਾਨ ਨਹੀਂ ਹੈ ਇਸੇ ਧਰਮ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ ਅਤੇ ਪੰਥ ਦੇ ਨਿਯਮ ਹਨ ਜਿਨਾਂ ’ਚ ਪੰਜ ਕਕਾਰੀ ਹੋਣਾ ਜਰੂਰੀ ਹੈ।
ਯਾਦ ਕਰੋ ਜਥੇਦਾਰ ਸਾਹਿਬ 1699 ’ਚ ਜਦੋਂ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਪੰਥ ਦੀ ਰਚਨਾ ਕੀਤੀ ਸੀ, ਤਾਂ ਸਿਰਫ਼ ਪੰਜ ਪਿਆਰੇ ਹੀ ਅੰਮ੍ਰਿਤਧਾਰੀ ਖਾਲਸਾ ਬਣੇ ਸਨ। ਸਤਿਗੁਰੂ ਜੀ ਨੇ ਬਾਕੀ ਦੀ 80 ਹਜ਼ਾਰ ਸਿੱਖ ਸੰਗਤ ਨੂੰ ਇਹ ਨਹੀਂ ਸੀ ਕਿਹਾ “ਤੁਸੀਂ ਸਿਖ ਨਹੀਂ ਹੋ”। ਭਾਈ ਗੰਡਾ ਸਿੰਘ ਜੀ ਦੇ ਰਹਿਤਨਾਮੇ ਅਤੇ ਗੁਰੂ ਸਾਹਿਬ ਦੀਆਂ ਚਿੱਠੀਆਂ ਨੂੰ ਪੜੇ। ਉਹਨਾਂ ਆਪਣੇ ਸਾਥੀਆਂ ਨੂੰ ਜੋ ਗੈਰ ਅੰਮ੍ਰਿਤਧਾਰੀ ਸਨ, ਉਹਨਾਂ ਨੂੰ ਮੇਰੇ ਖਾਲਸਾ ਜੀਉ ਕਹਿ ਕੇ ਨਿਵਾਜਿਆ ਹੈ। ਖਾਲਸੇ ਨੂੰ ਅਸੀਂ ਸਰਵੋਤਮ ਮੰਨਦੇ ਹਾਂ ਅਤੇ ਨਤਮਸਤਕ ਹੁੰਦੇ ਹਾਂ। ਜਦੋਂ ਖਾਲਸਾ, ਗੁਰੂ ਸਾਹਿਬ ਦੀਆਂ ਦੱਸੀਆਂ 4 ਵੱਜਰ ਕੁਰਹਿਤਾਂ:1.ਤੰਬਾਕੂ ਦਾ ਸੇਵਨ 2.ਕੇਸਾਂ ਦੀ ਬੇਅਦਬੀ 3.ਹਲਾਲ ਮਾਸ ਦਾ ਸੇਵਨ ਜਾਂ ਫਿਰ 4 ਮਰਦ ਪਰਾਈ ਇਸਤਰੀ ਦਾ ਸ਼ੋਸ਼ਣ ਕਰਦਾ ਹੈ, ਇਹਨਾਂ ਚਾਰਾਂ ਕੁਰਹਿਤਾਂ ’ਚੋਂ ਕੋਈ ਇਕ ਵੀ ਕੁਰਹਿਤ ਕਰਦਾ ਹੈ, ਤਾਂ ਉਹ ਪਤਿਤ ਹੋ ਜਾਂਦਾ ਹੈ। ਵੈਸੇ ਅੱਜਕਲ ਦੇ ਪੰਥ ਦੇ ਠੇਕੇਦਾਰ ਤਾਂ, ਜਿਸ ਕਿਸੇ ਨੇ ਅੰਮ੍ਰਿਤ ਨਹੀਂ ਸਕਿਆ, ਉਹਨਾਂ ਨੂੰ ਹੀ ਪਤਿਤ ਕਹੀ ਜਾਂਦੇ ਨੇ।
ਜਥੇਦਾਰ ਸਾਹਿਬ, ਮੈਂ ਆਪ ਜਿਨ੍ਹਾਂ ਵਿਦਵਾਨ ਤਾਂ ਨਹੀਂ ਹਾਂ, ਪਰ ਆਪ ਜੀ ਦੀ ਜਾਣਕਾਰੀ ’ਚ ਵਾਧਾ ਜਰੂਰ ਕਰਨਾ ਚਾਹੁੰਦਾ ਹਾਂ ਕਿ ਅਸੀਂ ਮਾਨਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵਿਚ ਗੁਰਦੁਆਰਾ ਚੋਣਾਂ ਵਿਚ ਸ਼ਹਿਜਹਾਰੀ ਸਿੱਖਾਂ ਦੇ ਵੋਟਾਂ ਦੇ ਹੱਕ ਲਈ 20 ਸਾਲਾਂ ਤੋਂ ਕਾਨੂੰਨੀ ਜੰਗ ਲੜ ਰਹੇ ਹਾਂ, ਜਿੱਥੇ ਅਸੀਂ ਇਸ ਮਾਮਲੇ ਦੇ ਹੱਲ ਲਈ ਆਪ ਜੀ ਨੂੰ ਵੀ ਪੱਤਰ ਲਿਖੇ ਅਤੇ ਈ-ਮੇਲ ਵੀ ਭੇਜਿਆ ਸੀ। ਪਰ ਅਫਸੋਸ ਕਿ ਤੁਸੀਂ ਸਾਨੂੰ ਮਿਲਣ ਦਾ ਸਮਾਂ ਤਾਂ ਕੀ ਦੇਣਾ ਸੀ, ਸਾਡੀਆਂ ਚਿੱਠੀਆਂ ਦੀ ਪ੍ਰਾਪਤੀ ਬਾਰੇ ਪੁਸ਼ਟੀ ਤੱਕ ਕਰਨੀ ਗਵਾਣਾ ਨਹੀਂ ਸਮਝੀ।
ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਨਯੋਗ ਅਦਾਲਤਾਂ ’ਚ ਵੀ ਅਸੀਂ ਇਸ ਗੱਲ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਜਾਣਕਾਰੀ ਸਾਂਝੀ ਕੀਤੀ ਸੀ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਕੁੱਲ 45 ਵਾਰੀ "ਕੇਸ" ਸ਼ਬਦ ਆਇਆ ਹੈ ਅਤੇ ਉਹਨਾਂ 45 ਸਲੋਕਾਂ ਦੇ ਉਲਫੇ ਵੀ ਅਸੀਂ ਅਦਾਲਤ ਵਿਚ ਪੇਸ਼ ਕੀਤੇ ਸਨ। ਜਿਨਾਂ ਵਿਚ ਕਿਤੇ ਨਹੀਂ ਕਿਹਾ ਗਿਆ "ਕੇਸਾਂ ਵਾਲਾ ਸਿੱਖ ਹੈ ਅਤੇ ਕੇਸ ਨਾ ਰੱਖਣ ਵਾਲਾ ਸਿੱਖ ਨਹੀਂ ਹੈ"। ਸਗੋਂ ਅੰਗ 1364 ਵਿਚ ਦਰਜ  ਕਬੀਰ ਸਾਹਿਬ ਦੇ ਸਲੋਕ ਵਿਚ ਲਿਖਿਆ ਹੈ ਭਾਵੇਂ ਲਾਂਬੇ ਕੇਸ ਕਰੁ ਭਾਵੇਂ ਅਰਗਿ ਮੁਡਾਇ।
"ਜੱਥੇਦਾਰ ਸਾਹਿਬ ਆਪ ਜੀ ਨੂੰ ਲਿਖੇ ਸਾਡੇ ਪੱਤਰਾਂ ’ਚ ਵੀ ਇਹੋ ਸਵਾਲ ਕੀਤੇ ਗਏ ਸਨ ਅਤੇ ਉਸ ਵਕਤ ਤੁਸੀਂ ਪਾਵਰ ਵਿਚ ਸੀ ਅਤੇ ਤੁਸੀਂ ਖੁਦ ਕੌਮ ਨੂੰ ਇਸ ਦੁਵਿਧਾ ਵਿਚੋਂ ਕੱਢ ਦਿੰਦੇ, ਪਰ ਤੁਸੀਂ ਸਾਨੂੰ ਜਵਾਬ ਤੱਕ ਨਹੀਂ ਦਿੱਤਾ। ਅਸਲ ਵਿਚ, ਤੁਹਾਡੇ ਵਰਗੇ ਅਨੇਕਾਂ ਸਿੱਖ ਵਿਦਵਾਨਾਂ ਨੇ ਅਜ਼ਾਦੀ ਤੋਂ ਪਹਿਲਾਂ ਅੰਗਰੇਜਾਂ ਅਤੇ ਬਾਅਦ ਵਿਚ ਸਾਡੇ ਦੇਸ ਦੀਆਂ ਸੰਪਰਦਾਇਕ ਤਾਕਤਾਂ ਦੇ ਪਿੱਛੇ ਲੱਗ ਕੇ, ਸਿੱਖ ਧਰਮ ਨੂੰ ਸਿੰਤੋਸ਼ਨਾ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਾ ਐਕਟ 1925 ਦੀ ਧਾਰਾ 2 (9) ਅਨੁਸਾਰ ਸਿੱਖ ਉਹ ਵਿਅਕਤੀ ਹੈ ਜੋ ਸਵੈ ਇੱਛਾ ਨਾਲ ਹਲਫ਼ਨਾਮਾ ਦਿੰਦਾ ਹੈ "ਮੈਂ ਸਿੱਖ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਹਿਬਾਨਾਂ ਨੂੰ ਮੰਨਦਾ ਹਾਂ ਤੇ ਮੇਰਾ ਕੋਈ ਹੋਰ ਧਰਮ ਨਹੀਂ ਹੈ ਅਤੇ ਮੈਂ ਆਪਣੇ ਜੀਵਨ ਕਾਲ ਵਿਚ ਸਭ ਰੀਤਿ ਰਿਵਾਜ ਸਿੱਖ ਧਰਮ ਅਨੁਸਾਰ ਕਰਦਾ ਹਾਂ”। ਅੰਮ੍ਰਿਤਧਾਰੀ, ਸਹਿਜਧਾਰੀ ਅਤੇ ਪਤਿਤ ਦੀ ਪਰਿਭਾਸ਼ਾ ਦੀ ਧਾਰਾ 2(10) ਅਤੇ 2(10) ਵਿੱਚ ਸਪੱਸ਼ਟ ਕੀਤੀ ਗਈ ਹੈ। ਮੈਂ ਹੈਰਾਨ ਹੁੰਦਾ, ਸਿੱਖ ਬੁੱਧੀ ਜੀਵੀਆਂ ਦੇ ਮੂਹੋਂ ਇਹ ਗੱਲ ਸੁਣ ਕਿ ਸਿੱਖ ਜੰਮਦਾ ਨਹੀਂ ਸਿੱਖ ਬਣਨਾ ਪੈਂਦਾ ਹੈ। ਮੇਰਾ ਉਹਨਾਂ ਸੱਜਣਾ ਨੂੰ ਸਵਾਲ ਹੁੰਦਾ "ਜੋ ਹਿੰਦੂ ਘਰ ਪੈਦਾ ਹੁੰਦਾ ਹਿੰਦੂ ਹੈ, ਮੁਸਲਿਮ ਘਰ ਪੈਦਾ ਹੋਣ ਵਾਲਾ ਮੁਸਲਿਮ ਹੈ, ਈਸਾਈ ਘਰ ਪੈਦਾ ਹੋਣ ਵਾਲਾ ਇਸਾਈ ਹੈ ਅਤੇ ਬੋਧੀ ਘਰ ਪੈਦਾ ਹੋਣ ਵਾਲਾ ਬੋਧੀ ਹੈ ਤਾਂ ਸਿੱਖ ਘਰ ਪੈਦਾ ਹੋਣ ਵਾਲਾ ਸਿੱਖ ਕਿਉਂ ਨਹੀਂ ਹੈ। ਫਿਰ ਸੱਜਣ ਜਵਾਬ ਦਿੰਦੇ ਹਨ ਕਿ ਜੀ ਸਿੱਖ ਤੇ ਬਣਨਾ ਪੈਂਦਾ। ਹਾਸਹੀਣ ਜਵਾਬ ਸੁਣਕੇ ਉਹਨਾਂ ਨੂੰ ਭਲਾ ਕੌਣ ਸਮਝਾਵੇ, ਪੰਥ ਦੇ ਠੇਕੇਦਾਰਾਂ ਨੂੰ ਕਿ ਸਿੱਖ ਦੇ ਘਰੇ ਸਿੱਖ ਹੀ ਪੈਦਾ ਹੁੰਦਾ, ਪਰ ਖਾਲਸਾ ਤੇ ਸਿੱਖ ਉਹਨੂੰ ਬਣਨਾ ਪੈਂਦਾ। ਖਾਲਸਾ ਅਤੇ ਸਿੱਖ ਦੇ ਫਰਕ ਨੂੰ, ਇਹ ਬੁੱਧੀਜੀਵੀ ਅਤੇ ਠੇਕੇਦਾਰ ਰਲਗੱਡ ਕਰਕੇ ਸਿੱਖ ਧਰਮ ਦਾ ਨਾਸ ਮਾਰ ਰਹੇ ਹਨ।
ਅੱਜ ਸਮੁੱਚੇ ਭਾਰਤ ਦੀ ਜਨਗਣਨਾ ਮੁਤਾਬਿਕ ਕੁੱਲ 2 ਕਰੋੜ ਦੇ ਲਗਭਗ ਸਿੱਖਾਂ ਦੀ ਅਬਾਦੀ ਹੈ ਪਰ ਜੇਕਰ ਅਸੀਂ ਅਸਲ ਔਕੜਾਂ ਇਹਨਾਂ ਵਿਦਵਾਨਾਂ ਜਾਂ ਠੇਕੇਦਾਰਾਂ ਮੁਤਾਬਿਕ ਗਿਣਤੀ ਕਰੀਏ, ਭਾਵ ਸਹਿਜਧਾਰੀ ਅਤੇ ਇਹਨਾਂ ਵਲੋਂ ਗਰਦਾਨੇ ਗਏ ਪਤਿਤ (ਕੇਸ ਰਹਿਤ) ਲੋਕਾਂ ਨੂੰ “ਸਿੱਖ” ਨਾਂ ਮੰਨੀਏ ਤਾਂ ਔਕੜਾਂ ਦਸਵਾਂ ਹਿੱਸਾ ਵੀ ਨਹੀਂ ਰਹਿ ਜਾਂਦਾ। ਸਿੱਖ ਧਰਮ ਪਹਿਲਾਂ ਹੀ ਘੱਟ ਗਿਣਤੀ ਹੈ। ਇਸ ਵਿਚੋਂ ਖਾਲਸਾ ਅਤੇ ਸਹਿਜਧਾਰੀ ਦਾ ਫ਼ਰਕ ਕੱਢ ਕੇ ਅਸੀਂ ਆਪ ਹੀ ਆਪਣੇ ਧਰਮ ਵਿਚੋਂ ਇੱਕ ਵੱਡੀ ਗਿਣਤੀ ਨੂੰ “ਗੈਰ ਸਿੱਖ” ਕਹਿ ਕੇ ਬਾਹਰ ਕੱਢ ਰਹੇ ਹਾਂ ਦੇਸ਼-ਵਿਦੇਸ਼ ‘ਚ ਵਸਦੇ ਬਹੁਗਿਣਤੀ ਸਿੱਖਾਂ ਨੂੰ, ਜੇਕਰ ਉਹ ਰਹਿਤਧਾਰੀ ਜਾਂ ਕੇਸਧਾਰੀ ਨਹੀਂ ਹਨ, ਤਾਂ ਕੀ ਉਹਨਾਂ ਦੀ ਸਿੱਖੀ ਪ੍ਰਤੀ ਸ਼ਰਧਾ ਨੂੰ ਹੱਖ ਦੀ ਨਜ਼ਰ ਨਾਲ ਵੇਖਿਆ ਜਾਵੇਗਾ। ਬਿਲਕੁਲ ਗਲਤ ਗੱਲ ਕਹੀ ਹੈ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ।
ਫਿਰ ਕੀ ਸਾਡੇ ਪੰਜਾਬ ਦੇ ਨਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਦੀਪ ਸਿੱਧੂ, ਲੱਖਾ ਸਿਧਾਣਾ, ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਆਦਿ ਬਹੁਤ ਸਾਰੇ ਕੇਸਰਹਿਤ ਹਨ, ਕੀ ਆਪਾਂ ਇਹਨਾਂ ਨੂੰ “ਸਿੱਖ” ਨਹੀਂ ਮੰਨਦੇ।
ਜਦੋਂ ਸਾਡਾ ਮਾਮਲਾ ਅਦਾਲਤ ਵਿੱਚ ਸੀ, ਉਦੋਂ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੇ ਬਿਆਨ ਦਿੱਤਾ ਸੀ ਕਿ ਕੇਸ ਸਿਰਫ਼ ਅੰਮ੍ਰਿਤਧਾਰੀ ਉੱਤੇ ਲਾਗੂ ਹੁੰਦੇ ਹਨ। ਹੁਣ ਕੇਸਾਂ ਨੂੰ ਲੈ ਕੇ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਜੇ ਬਿਲਕੁਲ ਗਲਤ ਹੈ। ਸਿੱਖ ਧਰਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ ਜਿਸ ਨੂੰ ਉਜਾੜਨ ਲਈ ਰਾਜਨੀਤਿਕ ਖੇਡਾਂ ਖੇਡੀਆਂ ਜਾ ਰਹੀਆਂ ਹਨ, ਜਿਸ ਦਾ ਲੇਖਾ ਖੁਦ ਬਾਬਾ ਨਾਨਕ ਜੀ ਲੈਣਗੇ।


ਗੁਰਪ੍ਰੀਤ ਸਿੰਘ       

Add new comment