ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ  ਦਰਸ਼ਨ ਦੀ ਲੋੜ

ਹਰੇਕ ਦੇਸ਼ ਦਾ ਭਵਿੱਖ ਉਸਦੀ ਨੌਜਵਾਨ ਪੀੜ੍ਹੀ ਦੇ ਮੋਡਿਆਂ ਤੇ ਟਿਕਿਆ ਹੁੰਦਾ ਹੈ। ਨੌਜਵਾਨ ਪੀੜ੍ਹੀ  ਦੇਸ਼ ਦਾ ਸਰਮਾਇਆ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਰਾਜਨੀਤਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ  ਵਾਗਡੋਰ ਸੰਭਾਲਣੀ ਹੁੰਦੀ ਹੈ। ਇਸ ਸਰਮਾਏ ਨੂੰ ਸਹੀ ਦਿਸ਼ਾ ਨਿਰਦੇਸ਼ਨ ਅਤੇ ਸਹੀ ਪੱਥ ਪ੍ਰਦਰਸ਼ਨ ਦੀ ਬਹੁਤ ਲੋੜ ਹੁੰਦੀ ਹੈ। ਜਿਸ ਦੇਸ਼ ਨੇ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲ ਲਿਆ ਸਮਝ ਲਓ ਉਸ ਦੀ ਤਰੱਕੀ ਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਜੇਕਰ ਅੱਜ ਅਸੀਂ ਆਪਣੀ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਨਹੀਂ ਕਰਦੇ ਤਾਂ ਸਾਡਾ ਆਉਣ ਵਾਲਾ ਭਵਿੱਖ ਹਨੇਰੇ ਵਿਚ ਗੁੰਮ ਹੋ ਜਾਏਗਾ। ਸਾਡੇ ਸਮਾਜ ਵਿਚ ਵੀ ਕਈ ਅਜਿਹੇ ਹੀ ਗਲਤ ਅਨਸਰ  ਮੌਜੂਦ ਹਨ ਜੋ ਨੌਜਵਾਨਾਂ ਨੂੰ ਆਪਣੇ ਗਰਮਖਿਆਲੀ ਵਿਚਾਰਾਂ ਨਾਲ ਸਹੀ ਰਸਤੇ ਤੋਂ ਭਟਕਾ ਦਿੰਦੇ ਹਨ। ਸਾਡੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਰਾਤੋ-ਰਾਤ ਸਟਾਰ ਬਣੇ ਅਜਿਹੇ ਵਿਅਕਤੀਆਂ ਨੂੰ ਆਪਣਾ ਆਦਰਸ਼ ਮੰਨਣ ਲੱਗ ਜਾਂਦੇ ਹਨ ਜਿਨ੍ਹਾਂ ਦਾ ਨਾਂ ਤਾਂ ਕੋਈ ਆਪਣਾ ਵਜੂਦ ਹੁੰਦਾ ਹੈ ਅਤੇ ਨਾ ਹੀ ਉਹ ਅਜਿਹੀ ਸ਼ਖ਼ਸੀਅਤ ਰੱਖਦੇ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ। ਆਦਰਸ਼ ਮੰਨਣਾਂ ਹੈ ਤਾਂ ਸਰਦਾਰ ਭਗਤ ਸਿੰਘ,ਰਾਜਗੁਰੂ ,ਸੁਖਦੇਵ ਜਿਹੇ ਸ਼ਹੀਦਾਂ ਨੂੰ ਆਪਣਾ ਆਦਰਸ਼ ਮੰਨਣ। ਉਹਨਾਂ ਦੇ ਵਿਚਾਰਾਂ ਤੇ ਪਹਿਰਾ ਦੇਣ। ਜੇਕਰ ਕਿਤੇ ਵਿਰੋਧ ਕਰਨ ਦੀ ਜ਼ਰੂਰਤ ਪਵੇ ਤਾਂ ਅਜਿਹੀਆਂ ਕੁਰੀਤੀਆਂ ਦੇ ਖਿਲਾਫ ਵਿਰੋਧ ਕੀਤਾ ਜਾਵੇ ਜੋ ਸਾਡੇ ਸਮਾਜ ਦੀ ਤਰੱਕੀ ਵਿਚ ਰੁਕਾਵਟ ਪੈਦਾ ਕਰਦੀਆਂ ਹਨ। ਸ.ਭਗਤ ਸਿੰਘ ਵਰਗੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਆਪਸੀ ਭਾਈਚਾਰਕ ਸਾਂਝ ਖਤਮ ਕਰਕੇ ਅਜਾਈਂ ਨਾ ਗਵਾਉਣ। ਸਾਨੂੰ ਵੀ ਆਪਣੀ ਨੌਜਵਾਨ ਪੀੜ੍ਹੀ ਨੂੰ ਸੱਚ ਅਤੇ ਸਹੀ ਮਾਰਗ ਤੇ ਚਲਣ ਲਈ ਪ੍ਰੇਰਿਤ ਕਰਦੇ ਰਹਿਣ ਲਈ ਅਣਥੱਕ ਯਤਨ ਕਰਦੇ ਰਹਿਣਾ ਪਵੇਗਾ। ਗੁਰਬਾਣੀ ਵੀ ਇਨਸਾਨ ਨੂੰ ਸਹੀ ਮਾਰਗ ਤੇ ਚੱਲਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ
“ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ” ਨੌਜਵਾਨ ਵੀ ਅਜਿਹੇ ਭ੍ਰਉਰਣ ਆਉਣ ਵਾਲੇ ਵਿਅਕਤੀਆਂ ਤੋਂ ਦੂਰ ਰਹਿਣ ਜਿਹੜੇ ਆਪਣੇ ਸਵਾਰਥਾਂ ਦੀ ਪੂਰਤੀ ਲਈ  ਇਸਤੇਮਾਲ ਕਰਕੇ ਉਨ੍ਹਾਂ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਨੌਜਵਾਨਾਂ ਨੂੰ ਜੋਸ਼ ਦੇ ਨਾਲ ਨਾਲ ਅਪਣੀ ਹੋਸ਼ ਵੀ ਜਗਾ ਕੇ ਰੱਖਣੀ ਪਵੇਗੀ ਤਾਂ ਜੋ ਅਜਿਹੇ ਮੌਕਾਪ੍ਰਸਤ ਵਿਅਕਤੀਆਂ ਤੋਂ ਆਪਣਾ ਬਚਾਅ ਕਰ ਸਕਣ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਸਹੀ ਸਮੇਂ ਤੇ ਵਿੱਦਿਅਕ ਯੋਗਤਾ ਦੇ ਮੁਤਾਬਿਕ ਕਿੱਤਾ ਚੁਣਨ ਲਈ ਯੋਗ ਅਗਵਾਈ ਦੀ ਲੋੜ ਹੁੰਦੀ ਹੈ। ਸਮਾਂ ਰਹਿੰਦਿਆਂ ਜੇਕਰ ਯੋਗ ਅਗਵਾਈ ਨਾ ਕੀਤੀ ਜਾਵੇ ਤਾਂ ਇਨ੍ਹਾਂ ਦੀ ਊਰਜਾ ਦਾ ਪ੍ਰਯੋਗ ਗਲਤ ਦਿਸ਼ਾ ਵੱਲ ਜਾਣਾ ਸੁਭਾਵਿਕ ਹੀ ਹੈ। ਨੌਜਵਾਨ ਪੀੜੀ ਨੂੰ ਸੁਪਨਮਈ ਸੰਸਾਰ ਵਿਚੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਣਾ ਪਵੇਗਾ ਤਾਂ ਹੀ ਦੇਸ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਜਾ ਸਕੇਗੀ।

ਹਰਮੀਤ ਕੌਰ

Add new comment