ਲਗਦੈ ਫ਼ਿਲਮੀ ਤਰਜ਼ ’ਤੇ ਹੋਣ ਵਾਲੇ ਵਿਆਹ ਆਮ ਲੋਕਾਂ ਨੂੰ ਕਰ ਕੇ ਛੱਡਣਗੇ ਤਬਾਹ

ਅੱਜ ਦੀ ਮਹਿੰਗਾਈ ’ਚ ਆਮ ਲੋਕਾਂ ਦਾ ਜੀਣਾ ਵੈਸੇ ਹੀ ਮੁਸ਼ਕਲ ਹੋ ਗਿਆ ਹੈ। ਮਹਿੰਗਾਈ ਇਸ ਵਕਤ ਅਸਮਾਨ ਛੂਹ ਰਹੀ ਹੈ। ਆਮ ਘਰਾਂ ਦੀ ਰਸੋਈ ਬੜੀ ਮੁਸ਼ਕਲ ਨਾਲ ਚਲ ਰਹੀ ਹੈ। ਘਰ ਦੇ ਜਿੰਨੇ ਵੀ ਜੀਅ ਹੋਣ ਤੇ ਉਹ ਸਾਰੇ ਹੀ ਕਮਾਉਣ ਤਾਂ ਕਿਧਰੇ ਜਾ ਕੇ ਘਰਾਂ ਦਾ ਗੁਜ਼ਾਰਾ ਹੁੰਦਾ ਹੈ। ਫਿਰ ਉਹ ਲੋਕ ਜਿਹੜੇ ਵਿਹਲੇ ਰਹਿ ਕੇ ਫ਼ਜ਼ੂਲ ਖ਼ਰਚੇ ਕਰਦੇ ਹਨ, ਰੱਬ ਜਾਣੇ ਉਹ ਐਨੇ ਪੈਸੇ ਕਿੱਥੋਂ ਲੈ ਕੇ ਆਉਂਦੇ ਹਨ। ਮੈਂ ਤਾਂ ਕਈ ਲੋਕ ਇਹੋ ਜਿਹੇ ਵੀ ਵੇਖੇ ਹਨ ਜਿਹੜੇ ਸਵੇਰੇ ਸੱਜ ਧੱਜ ਕੇ ਚਿੱਟੇ ਕੁੜਤੇ ਪਜਾਮੇ ਪਾ ਕੇ ਨਿਕਲ ਜਾਂਦੇ ਹਨ ਤੇ ਫਿਰ ਦੇਰ ਰਾਤ ਨੂੰ ਘਰ ਵੜਦੇ ਨੇ।  ਕਿਸੇ ਘਰ ਵਾਲੇ ਦੀ ਹਿੰਮਤ ਨਹੀਂ ਪੈਂਦੀ ਕਿ ਉਨ੍ਹਾਂ ਨੂੰ ਇਹ ਪੁੱਛ ਲਵੇ ਕਿ ਕਾਕਾ ਜੀ ਅੱਜ ਤੁਸੀਂ ਸਾਰਾ ਦਿਨ ਕਿਹੜੇ ਕਾਰੋਬਾਰ ਤੋਂ ਆਏ ਹੋ। ਫਿਰ ਮਾਪੇ ਅੱਕ ਕੇ ਉਨ੍ਹਾਂ ਦੇ ਵਿਆਹ ਬਾਰੇ ਸੋਚਣ ਲੱਗ ਜਾਂਦੇ ਹਨ। ਇਸ ਨੂੰ ਵਿਆਹ ਹੀ ਦੇਈਏ, ਕਿਧਰੇ ਘਰ ਹੀ ਟਿਕ ਜਾਵੇ। ਜਦੋਂ ਕਾਕੇ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਫਿਰ ਕਾਕਾ ਅਸਮਾਨ ਤੋਂ ਥੱਲੇ ਨਹੀਂ ਉਤਰਦਾ। ਅਗੋਂ ਕਾਕਾ ਵੀ ਕਹਿ ਦਿੰਦੈ ਕਿ ਜੇ ਤੁਸੀਂ ਮੇਰਾ ਵਿਆਹ ਕਰਨਾ ਹੀ ਹੈ ਤਾਂ ਵਧੀਆ ਢੰਗ ਨਾਲ  ਹੋਣਾ ਚਾਹੀਦਾ ਹੈ ਤੇ ਮੇਰੇ ਅਨੁਸਾਰ ਹੋਣਾ ਚਾਹੀਦਾ।  ਅੱਗੋਂ ਘਰ ਵਾਲੇ ਵੀ ਚੁੱਪ ਚਾਪ ਕਾਕੇ ਦੀ ਹਾਂ ’ਚ ਹਾਂ ਮਿਲਾਉਣ ਲਗਦੇ ਹਨ ਕਿਉਂਕਿ ਬਹੁਤਿਆਂ ਘਰਾਂ ’ਚ ਇਕੱਲਾ ਇਕੱਲਾ ਹੀ ਮੁੰਡਾ ਹੁੰਦੈ ਤੇ ਕਿਧਰੇ ਕਿਸੇ ਨੇ ਨਾਂਹ ਨੁਕਰ ਕਰ ਦਿੱਤੀ ਤਾਂ ਕਾਕਾ ਕੁੱਝ ਵੀ ਕਰ ਸਕਦਾ ਹੈ। ਅੱਜਕਲ ਇਹ ਵੀ ਡਰ ਬਣਿਆ ਰਹਿੰਦਾ ਹੈ ਆਮ ਲੋਕਾਂ ਨੂੰ।
ਹੁਣ ਵਿਆਹਾਂ ਦੇ ਰਿਵਾਜ ਕਿਹੜੇ ਘੱਟ ਹਨ। ਜੇਕਰ ਮੁੰਡੇ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਸੱਭ ਤੋਂ ਪਹਿਲਾਂ ਮੁੰਡੇ ਕੁੜੀ ਦੀ ਵੇਖ ਵਿਖਾਈ ਤੇ ਉਸ ’ਚ ਵੀਹ- ਪੱਚੀ ਲੋਕ ਆਮ ਹੀ ਇਕੱਠੇ ਹੋ ਜਾਂਦੇ ਹਨ। ਉਸ ਤੋਂ ਠਾਕਾ, ਉੱਥੇ ਵੀ ਦੋਹਾਂ ਪ੍ਰਵਾਰਾਂ ਦੇ ਖੁਲ੍ਹੇ ਡੁਲ੍ਹੇ ਲੋਕ ਇਕੱਠੇ ਹੋ ਜਾਂਦੇ ਹਨ। ਉਸ ਤੋਂ ਬਾਅਦ ਸਰਮਨੀ ਦੀ ਚੱਲ ਪੈਂਦੀ ਹੈ, ਜਿਹੜਾ ਰਿਵਾਜ ਹੁਣੇ ਹੁਣੇ  ਫ਼ਿਲਮਾਂ ’ਚੋਂ ਬਾਹਰ ਨਿਕਲ ਕੇ ਆਇਆ ਹੈ। ਇਸ ਤੋਂ ਇਲਾਵਾ  ਕਈ ਬਹੁਤੇ ਸ਼ੌਕੀਨ  ਮੁੰਡੇ-ਕੁੜੀਆਂ ਪ੍ਰੀ ਵੈਡਿੰਗ ਦੀ ਸ਼ੂਟਿੰਗ ਵਾਸਤੇ ਘਰੋਂ ਹਾਹਰ ਦੂਰ ਦੂਰਾਡੇ ਚਲੇ ਜਾਂਦੇ ਹਨ ਤੇ ਉੱਥੇ ਹੋਣ ਵਾਲੇ ਖ਼ਰਚਿਆਂ ਦਾ ਕੋਈ ਹਿਸਾਬ ਨਹੀਂ ਰਹਿੰਦਾ। ਫਿਰ ਕਈ ਲੋਕ ਵਿਆਹ ਤੋਂ ਪਹਿਲਾਂ ਪਾਰਟੀ ਰੱਖ ਲੈਂਦੇ ਹਨ ਤੇ ਕਈ ਵਿਆਹ ਤੋਂ ਅਗਲੇ ਦਿਨ ਰਿਸੈਪਸ਼ਨ ਦਾ ਨਾਂ ਦੇ ਦਿੰਦੇ ਹਨ। ਫਿਰ ਜਾ ਕੇ ਬਰਾਤ ਵਾਲਾ  ਦਿਨ ਆਉਂਦਾ ਹੈ। ਉਸ  ਦਿਨ ਫ਼ੋਟੋਗ੍ਰਾਫ਼ਰ  ਕੀ ਕੀ ਡਰਾਮਾ ਕਰਦੇ ਹਨ, ਕਿਸੇ ਨੂੰ ਕੁੱਝ ਸਮਝ ਹੀ ਨਹੀਂ ਪੈਂਦੀ। ਤੜਕੇ ਤੋਂ ਲੈ ਕੇ 12 ਵਜੇ ਤਕ ਇਧਰ-ਉਧਰ ਦੇ ਪੋਚ ਤੇ ਫ਼ੋਟੋਆਂ। ਜਿਹੜਾ ਬੰਦਾ ਸਾਰੀ ਉਮਰ ਘੋੜੀ ਦੇ ਅੱਗੇ ਜਾਂ ਪਿਛਿਉਂ ਵੀ ਨਾ ਲੰਘਿਆ ਹੋਵੇ ਉਸ ਨੂੰ ਘੋੜੀ ਚਫ੍ਹਾਇਆ ਜਾਂਦੈ।ਜਦੋਂ ਬਰਾਤ ਕਿਸੇ ਪੈਲੇਸ ਜਾਂ  ਰਿਜ਼ੋਰਟ ’ਚ ਚਲੀ ਜਾਂਦੀ ਹੈ, ਉੱਥੇ ਕੀ-ਕੀ ਹੁੰਦੇ, ਉਹ ਬਿਆਨਬਾਜ਼ੀ ਤੋਂ ਬਾਹਰ ਹੈ। ਜਿਹੜਾ ਪੈਲੇਸ ਚਾਰ ਘੰਟੇ ਪਹਿਲਾਂ ਫੁੱਲਾਂ ਨਾਲ ਸਜਾਇਆ ਹੁੰਦੈਫਿਰ ਉਹੀ ਪੈਲੇਸ ਹੱਡਾਂ ਰੋੜ੍ਹੀ ਵਾਂਗੂੰ ਜਾਪਣ ਲੱਗ ਜਾਂਦੈ। ਲੋਕ ਕਮਲੇ ਹੋ ਕੇ ਆਰਕੈਸਟਰਾਂ ’ਤੇ ਪੈਸੇ ਸੁਟਦੇ ਹਨ,  ਲੜਾਈਆਂ ਝਗੜੇ ਤੇ ਹੋਰ ਬਹੁਤ ਕੁੱਝ ਉੱਥੇ ਵਾਪਰ ਜਾਂਦਾ ਹੈ। ਫਿਰ ਉਸ ਕੁੜੀ ਤੇ ਮੁੰਡੇ ਦੇ ਮਾਪੇ ਆਪਣੀ ਜਾਨ ਮੁੱਠੀ ’ਚ ਲੈ ਕੇ ਉੱਥੋਂ ਸੁੱਖੀ ਸਾਂਦੀ ਬਾਹਰ ਨਿਕਲਦੇ ਹਨ। ਆਪਣੇ ਹੱਥੀਂ ਆਪਣੀ ਮੌਤ ਖ੍ਰੀਦਣ ਵਾਲਾ ਹਿਸਾਬ ਹੋ ਜਾਂਦੈ। ਵਿਆਹ ਹੋਣ ਤੋਂ ਬਾਅਦ ਦੂਜੇ ਤੀਜੇ ਦਿਨ ਗੱਡੀਆਂ ਭਰ ਕੇ ਮੁੰਡੇ ਵਾਲਿਆਂ ਦੇ ਘਰ ਕੁੜੀ ਨੂੰ ਲੈਣ ਆ ਜਾਂਦੇ ਹਨ ਤੇ ਫਿਰ ਵਿਆਹ ਵਰਗਾ ਸਮਾਗਮ ਰਚਿਆ ਜਾਂਦਾ ਹੈ। ਉਸ ਤੋਂ ਦੋ ਤਿੰਨ ਦਿਨ ਬਾਅਦ ਮੁੰਡੇ ਵਾਲੇ ਫਿਰ ਕੁੜੀ ਦੇ ਘਰ ਸੌ ਕੁ ਜਾਣੇ ਲੈ ਕੇ ਪਹੁੰਚ ਜਾਂਦੇ ਹਨ। ਕੁੜੀ ਵਾਲਿਆਂ ਨੂੰ ਫਿਰ ਆਉ ਭਗਤ ਕਰਨ ਲਈ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਕਈ ਫੁਕਰੇ ਜਿਹੜੇ ਜ਼ਿਆਦਾ ਫ਼ਿਲਮਾਂ ਵੇਖਦੇ ਹਨ, ਉਹ ਘਰ ਵਾਲਿਆਂ ਅੱਗੇ ਜ਼ਿੱਦ ਕਰਨ ਲੱਗ ਜਾਂਦੇ ਹਨ ਕਿ ਅਸੀਂ ਕਿਸੇ ਪਹਾੜੀ ਇਲਾਕੇ ਜਾਂ ਸਮੁੰਦਰ ਕੰਢੇ ਹਨੀਮੂਨ ਮਨਾਉਣ ਜਾਣਾ ਹੈ। ਉਹ ਵੀ ਅਕਸਰ ਫ਼ਜੂਲ ਖ਼ਰਚਾ ਹੀ ਹੁੰਦਾ ਹੈ। ਇਹ ਸਾਰਾ ਕੁੱਝ ਅੱਜਕਲ ਅਮ ਤੇ ਗ਼ਰੀਬ ਪ੍ਰਵਾਰਾਂ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਕਈਆਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ ਹਨ ਤੇ ਕਈਆਂ ਦੀਆਂ ਜ਼ਮੀਰਾਂ। ਇਹ ਸੱਭ ਕੁੱਝ ਕਰਜ਼ਾ ਚੁੱਕ ਕੇ ਹੀ ਕੀਤਾ ਜਾਂਦਾ ਹੈ। ਇਕ ਵਾਰ ਜਿਸ ਦੇ ਸਿਰ ’ਤੇ ਕਰਜ਼ਾ ਚੜ੍ਹ ਗਿਆ ਫਿਰ ਉਹ ਸਾਰੀ ਜ਼ਿੰਦਗੀ ਨਹੀਂ ਉਤਰਦਾ। ਕਰਜ਼ੇ ਥੱਲੇ ਦੱਬੇ ਕਈ ਲੋਕ ਅਪਣੀਆਂ ਜ਼ਿੰਦਗੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ। ਸਾਨੂੰ ਸਾਰਿਆਂ ਨੂੰ ਇਹਨਾਂ ਬੁਰਾਈਆਂ ਤੋਂ ਬਚਣ ਦੀ ਲੋੜ ਹੈ। ਕਿਸੇ ਦੇ ਮਹਿਲ ਵੇਖ ਕੇ ਅਪਣੀ ਝੁੱਗੀ ਨਹੀਂ ਢਾਹੁਣੀ ਚਾਹੀਦੀ। ਅਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਅੱਜ ਦੀ ਮਹਿੰਗਾਈ ਵੇਖ ਕੇ ਸਾਨੂੰ ਆਮ ਵਰਗ ਦੇ ਸਾਰਿਆਂ ਲੋਕਾਂ ਨੂੰ ’ਸਾਦੇ ਵਿਆਹ ਸਾਦੇ ਭੋਗ, ਨਾ ਕੋਈ ਚਿੰਤਾ ਨਾ ਕੋਈ ਰੋਗ’ ਵਾਲਾ ਫਾਰਮੂਲਾ ਵਰਤਣ ਦੀ ਲੋੜ ਹੈ। ਫ਼ਿਲਮਾਂ ਵਾਲੇ ਰਿਵਾਜ ਸਾਨੂੰ ਆਮ ਲੋਕਾਂ ਨੂੰ ਨਹੀਂ ਅਪਨਾਉਣੇ ਚਾਹੀਦੇ। ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਹੈ।

Add new comment