ਭਾਰਤੀ ਰਾਜਨੀਤੀ ਦੇ ਇੱਕ ਯੁੱਗ ਪੁਰਸ਼ ਦਾ ਅੰਤ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ 95 ਸਾਲਾਂ ਦੀ ਲੰਮੀ ਉਮਰ ਹੰਢਾ ਕੇ ਆਪਣੇ ਜੀਵਣ ਦੇ ਆਖਰ ਆਖਰੀ ਸਾਹ ਲੈ ਲਏ। ਉਹਨਾਂ ਦਾ ਸਿਆਸੀ ਕੱਦ ਬਹੁਤ ਉੱਚਾ ਸੀ। ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਤੋਂ ਬਾਦ ਦੁਨੀਆਂ ਵਿੱਚ ਜਾਣੇ ਜਾਣ ਵਾਲੇ ਭਾਰਤ ਦੇ ਦੂਸਰੇ ਸਿੱਖ ਨੇਤਾ ਸਨ। ਜੇਕਰ ਭਾਰਤ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਵਾਲੇ ਮੁਦਈ ਇਨਸਾਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੀ ਸਾਹਮਣੇ ਆਉਂਦਾ ਹੈ। ਉਹਨਾਂ ਦੇ ਤੁਰ ਜਾਣ ਨਾਲ ਭਾਰਤੀ ਰਾਜਨੀਤੀ ਦੇ ਇੱਕ ਅਜਿਹੇ ਯੁੱਗ ਦਾ ਅੰਤ ਹੋ ਗਿਆ ਹੈ, ਜਿਸਨੇ ਭਾਰਤ ਦੀ ਅਜ਼ਾਦੀ ਤੋਂ ਲੈ ਕੇ ਇਸ ਸਦੀ ਦੇ ਹਰ ਬਦਲਾਅ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਹਨਾਂ ਦੀ ਮੌਤ ਨਾਲ ਭਾਰਤ ਨੇ ਇੱਕ ਦੂਰਦਰਸ਼ੀ ਨਜ਼ਰ ਰੱਖਣ ਵਾਲੇ ਇੱਕ ਦਰਵੇਸ਼ ਸਿਆਸਤਦਾਨ ਨੂੰ ਗੁਆ ਲਿਆ ਹੈ।
ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਜਿਲ੍ਹਾ ਬਠਿੰਡਾ ਦੇ ਪਿੰਡ ਅਬੁਲ-ਖੁਰਾਣਾ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਂ ਸੁੰਦਰੀ ਕੌਰ ਸੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਦੇ ਇੱਕ ਸਥਾਨਕ ਅਧਿਆਪਕ ਪਾਸੋਂ ਪ੍ਰਾਪਤ ਕੀਤੀ ਅਤੇ ਇਸ ਮਗਰੋਂ ਉਹ ਪਿੰਡ ਲੰਬੀ ਦੇ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਨ ਲੱਗ ਪਏ। ਉਹ ਪਿੰਡ ਲੰਬੀ ਸਕੂਲ ਪੜ੍ਹਨ ਲਈ ਰੋਜ਼ਾਨਾ ਹੀ ਆਪਣੇ ਪਿੰਡੋਂ ਘੋੜੀ ਉੱਤੇ ਚੜ੍ਹਕੇ ਪੜ੍ਹਨ ਜਾਇਆ ਕਰਦੇ ਸਨ। ਇੱਥੇ ਮੈਟ੍ਰਿਕ ਪਾਸ ਕਰਨ ਮਗਰੋਂ ਉਹਨਾਂ ਨੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ ਜੋ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਹੈ। ਇੱਥੋਂ ਉਹਨਾਂ ਨੇ ਆਪਣੀ 12ਵੀਂ ਤੱਕ ਪੜ੍ਹਾਈ ਪੂਰੀ ਕੀਤੀ। ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਕਾਲਜ ਦੀ ਪੜ੍ਹਾਈ ਪੜ੍ਹਨ ਲਈ ਉਹਨਾਂ ਨੇ ਸਿੱਖ ਕਾਲਜ ਲਾਹੌਰ ‘ਚ ਦਾਖਲਾ ਲੈ ਲਿਆ। ਇੱਥੋਂ ਮਾਈਗ੍ਰੇਸ਼ਨ ਕਰਵਾਕੇ ਉਨ੍ਹਾਂ ਨੇ ਫਿਰ ਬੀ ਏ ਦੀ ਡਿਗਰੀ ਫੋਰਮਨ ਕ੍ਰਿਸ਼ਚੀਅਨ ਕਾਲਜ ਤੋਂ ਪ੍ਰਾਪਤ ਕੀਤੀ।
ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਾਲਜ ਤੋਂ ਬੀ ਏ ਪਾਸ ਕਰਨ ਪਿੱਛੋਂ 1947 ਦੀ ਭਾਰਤ-ਪਾਕ ਵੰਡ ਤੋਂ ਵੀ ਪਹਿਲਾਂ ਹੀ ਆਪਣੇ ਰਾਜਨੀਤਕ ਜੀਵਨ ਦਾ ਆਗਾਜ਼ ਕਰ ਲਿਆ ਸੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿਤਾ ਸਰਪੰਚ ਰਾਜਗੁਰੂ ਸਿੰਘ ਤੋਂ ਬਾਅਦ ਆਪਣੇ ਪਿੰਡ ਦਾ ਸਰਪੰਚ ਬਣਕੇ ਆਪਣੇ ਰਾਜਨੀਤਕ ਜੀਵਨ ਨੂੰ ਅਰੰਭ ਕਰ ਦਿੱਤਾ। ਇਸ ਮਗਰੋਂ ਉਹਨਾਂ ਨੇ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਦੀ ਸੀਟ ਉੱਤੇ ਬੈਠਕੇ ਆਪਣੀ ਰਾਜਨੀਤਕ ਸੀੜ੍ਹੀ ਦੇ ਦੂਜੇ ਡੰਡੇ ਨੂੰ ਹੱਥ ਪਾ ਲਿਆ। ਜਿਸ ਵਕਤ 1956 ਵਿੱਚ ਪੈਪਸੂ ਸਟੇਟ ਦਾ ਪੰਜਾਬ ਵਿੱਚ ਰਲੇਵਾਂ ਹੋਇਆ ਸੀ ਤਾਂ ਕਾਂਗਰਸ ਪਾਰਟੀ ਅਤੇ ਅਕਾਲੀ ਪਾਰਟੀ ਨੇ ਇਕੱਠਿਆਂ ਰਲ਼ਕੇ ਚੋਣ ਲੜੀ ਸੀ ਅਤੇ 1957 ਵਿੱਚ ਹੋਈਆਂ ਇਹਨਾਂ ਚੋਣਾਂ ਸਮੇਂ ਉਹ ਕਾਂਗਰਸ ਪਾਰਟੀ ਦੀ ਟਿਕਟ ‘ਤੇ ਐੱਮ ਐੱਲ ਏ ਦੀ ਚੋਣ ਲੜੇ ਸਨ ਅਤੇ ਪਹਿਲੀ ਵਾਰ ਵਿਧਾਇਕ ਬਣੇ। ਇਸ ਮਗਰੋਂ ਉਹਨਾਂ ਨੇ ਆਪਣੇ ਰਾਜਨੀਤਕ ਤਜਰਬੇ ਅਤੇ ਸੂਝਬੂਝ ਸਦਕਾ ਅਕਾਲੀ ਦਲ ਵਿੱਚ ਆਪਣੀ ਚੰਗੀ ਪੈਂਠ ਅਤੇ ਇੱਜ਼ਤ ਬਣਾਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤੀ। ਸਾਲ 1969-70 ਵਿੱਚ ਹੋਈਆਂ ਮੱਧਵਰਤੀ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੀ ਅਤੇ ਉਹ ਦੂਸਰੀ ਵਾਰ ਫਿਰ ਜੇਤੂ ਰਹੇ। ਇਸ ਵਾਰ ਉਹਨਾਂ ਨੂੰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਮੰਡਲ ਦੀ ਕੁਰਸੀ ਮਿਲ ਗਈ। ਜਸਟਿਸ ਗੁਰਨਾਮ ਸਿੰਘ ਦੀ ਵਜ਼ਾਰਤ ਵਿੱਚ ਉਹਨਾਂ ਨੂੰ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮੰਤਰਾਲੇ ਦਿੱਤੇ ਗਏ। ਸ੍ਰ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਕਿਸਮਤ ਦੇ ਧਨੀ ਮੰਨੇ ਗਏ, ਜਦੋਂ ਜਸਟਿਸ ਗੁਰਨਾਮ ਸਿੰਘ ਆਪਣੀ ਪਾਰਟੀ ਬਦਲਣ ਦਾ ਫੈਸਲਾ ਲੈ ਲੈਂਦੇ ਹਨ। ਗੁਰਨਾਮ ਸਿੰਘ ਦਾ ਲਿਆ ਫੈਸਲਾ ਉਹਨਾਂ ਲਈ ਅੱਗੇ ਵਧਣ ਦਾ ਰਸਤਾ ਸਾਫ ਕਰ ਦਿੰਦਾ ਹੈ ਅਤੇ 43 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਉਸਦੀ ਕਿਸਮਤ ਰਾਤੋ-ਰਾਤ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਦਾ ਮਨ ਬਣਾ ਲੈਂਦੀ ਹੈ। ਉਹ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਹੋਣ ਦਾ ਰਿਕਾਰਡ ਆਪਣੇ ਨਾਂ ਦਰਜ ਕਰਵਾ ਲੈਂਦੇ ਹਨ। ਫਿਰ ਕੀ, ਆਪਣੇ ਟਕਸਾਲੀ ਅਕਾਲੀ ਆਗੂਆਂ ਦੀ ਸੰਗਤ ਕਰਦਿਆਂ ਗਿਆਨੀ ਕਰਤਾਰ ਸਿੰਘ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹੋਏ ਸਿਆਸਤ ਦੀ ਭੱਠੀ ਵਿੱਚ ਸਮਾਂ ਲੰਘਦਿਆਂ ਸੋਨੇ ਦੀ ਤਰਾਂ ਢਲਦੇ ਰਹੇ। ਇਸਦੇ ਨਾਲ-ਨਾਲ ਉਹ ਮਾਸਟਰ ਤਾਰਾ ਸਿੰਘ ਦੇ ਆਸ਼ੀਵਾਦ ਸਦਕਾ ਇੱਕ ਸੂਝਵਾਨ, ਸੰਜਮੀ ਅਤੇ ਦੂਰਅੰਦੇਸ਼ੀ ਵਾਲੇ ਇੱਕ ਹੰਢੇ ਹੋਏ ਰਾਜਨੀਤਕ ਆਗੂਆਂ ਗਿਣੇ ਜਾਣ ਲੱਗੇ।
ਉਹ ਆਪਣੇ ਰਾਜਨੀਤਕ ਜੀਵਨ ਵਿੱਚ ਇੰਨੇ ਕੁ ਪਰਪੱਕ ਅਤੇ ਤਜ਼ਰਬੇਕਾਰ ਹੋ ਗਏ ਸਨ ਕਿ ਉਹ ਆਪਣੇ ਜੱਦੀ ਹਲਕੇ ਲੰਬੀ ਤੋਂ ਲਗਾਤਾਰ 1969 ਤੋਂ ਲੈ ਕੇ 2017 ਤੱਕ ਐੱਮ ਐੱਲ ਏ ਦੀ ਸੀਟ ਜਿੱਤਦੇ ਰਹੇ। ਇਹ ਦੇਸ਼ ਦੇ ਰਾਜਨੀਤਕ ਇਤਿਹਾਸ ਵਿੱਚ ਅੱਜ ਤੱਕ ਦਾ ਇੱਕ ਰਿਕਾਰਡ ਹੈ। ਅਗਲੀ ਵਾਰ ਅਕਾਲੀ ਦਲ ਦਾ ਪੰਜਾਬ ਵਿੱਚ ਜਨਤਾ ਪਾਰਟੀ ਨਾਲ ਮਿਲਕੇ ਚੋਣ ਲੜਨ ਦਾ ਫੈਸਲਾ ਹੋਇਆ ਅਤੇ 1977 ‘ਚ ਉਹਨਾਂ ਦੀ ਪੰਜਾਬ ਵਿੱਚ ਦੁਬਾਰਾ ਸਰਕਾਰ ਬਣ ਗਈ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਪਰ ਇਸ ਵਾਰ 1977 ਦੀਆਂ ਚੋਣਾਂ ਵਿੱਚ ਉਹ 1980 ਤੱਕ ਹੀ ਮੁੱਖ ਮੰਤਰੀ ਬਣ ਸਕੇ। ਇਸ ਮਗਰੋਂ 1997 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਹੋਈਆਂ ਤਾਂ ਉਹਨਾਂ ਦੀ ਅਗਵਾਈ ਵਿੱਚ ਅਕਾਲੀ ਦਲ ਨੂੰ ਫਿਰ ਬਹੁਮੱਤ ਮਿਲ ਗਿਆ ਅਤੇ ਉਹ 1997 ਤੋਂ 2002 ਤੱਕ ਪੰਜ ਸਾਲਾਂ ਲਈ ਫਿਰ ਮੁੱਖ ਮੰਤਰੀ ਬਣ ਗਏ। ਇਸ ਕਾਰਜਕਾਲ ਦੌਰਾਨ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਬਤੌਰ ਮੁੱਖ ਮੰਤਰੀ ਪੂਰੇ ਪੰਜ ਸਾਲ ਆਪਣੇ ਅਹੁਦੇ ‘ਤੇ ਬਣੇ ਰਹੇ। ਪਰ ਪੰਜਾਬ ਦੇ ਵੋਟਰਾਂ ਨੇ 2002 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਪਰ 2007 ਦੀਆਂ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਸਿਆਸਤ ਦੇ ਇਸ ਪੁਰਾਣੇ ਖਿਲਾੜੀ ਨੇ ਰਾਜਨੀਤੀ ਦੇ ਪਿੜ ਵਿੱਚ ਫਿਰ ਦੁਬਾਰਾ ਥਾਪੀ ਮਾਰ ਦਿੱਤੀ। ਇਸ ਵਾਰ ਉਹਨਾਂ ਨੇ ਚੋਣਾਂ ਦੇ ਅਜਿਹੇ ਧੋਬੀ ਪਟਕੇ ਮਾਰੇ ਕਿ ਉਨ੍ਹਾਂ ਨੇ 2007 ਤੋਂ 2017 ਤੱਕ ਲਗਾਤਾਰ ਦਸ ਸਾਲ ਆਪਣੇ ਵਿਰੋਧੀਆਂ ਦੀ ਢੂਹੀ ਲਵਾਈ ਰੱਖੀ। ਉਹ ਲਗਾਤਾਰ ਦਸ ਸਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਰਹੇ। ਆਪਣੇ ਮੁੱਖ ਮੰਤਰੀ ਦੇ ਅਹੁਦੇ ਦੇ ਅਖੀਰਲੇ ਦਸਵੇਂ ਸਾਲ ਉਹ ਉਮਰੋਂ 90 ਨੂੰ ਢੁਕ ਗਏ ਅਤੇ ਪੰਜਾਬ ਵਿਧਾਨ ਸਭਾ
ਦੀਆਂ ਫਰਵਰੀ 2017 ਦੀਆਂ ਚੋਣਾਂ ਵਿੱਚ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਹਾਰਨ ਦੇ ਨਾਲ ਹੀ ਰਾਜਨੀਤੀ ਦਾ ਇਹ ਹੰਢਿਆ ਪਹਿਲਵਾਨ ਵੀ ਆਪਣੇ ਜੱਦੀ ਹਲਕੇ ਤੋਂ ਪਹਿਲੀ ਵਾਰ ਹਾਰ ਗਿਆ। ਇਸ ਪਿੱਛੋਂ 90 ਸਾਲ ਦੀ ਬਿਰਧ ਅਵਸਥਾ ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਲਈ ਅਨੇਕਾਂ ਹੀ ਲੋਕ ਭਲਾਈ ਸਕੀਮਾਂ ਲਿਆਂਦੀਆਂ। ਉਹਨਾਂ ਨੇ ਕਿਸਾਨਾਂ ਅਤੇ ਐੱਸ ਸੀ-ਬੀ ਸੀ ਵਰਗ ਲਈ ਮੁਫਤ ਬਿਜਲੀ, ਗਰੀਬਾਂ ਲਈ ਆਟਾ-ਦਾਲ਼ ਸਕੀਮ, ਸੰਗਤ ਦਰਸ਼ਨ, ਸਕੂਲੀ ਵਿਦਿਆਰਥਣਾਂ ਲਈ ਸਾਈਕਲ ਸਕੀਮ, ਪੇਂਡੂ ਸਪੋਟਸ ਕਲੱਬਾਂ ਲਈ ਸਪੋਰਟਸ ਕਿੱਟਾਂ, ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮ ਸਮੇਤ ਅਨੇਕਾਂ ਸਕੀਮਾਂ ਲਿਆਂਦੀਆਂ। ਉਹਨਾਂ ਦੀ ਆਟਾ-ਦਾਲ਼ ਸਕੀਮ ਤੋਂ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਹੋ ਕੇ ਫੂਡ ਸਕਿਉਰਿਟੀ ਬਿੱਲ ਲਿਆਉਣਾ ਪਿਆ ਸੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਹਰੇਕ ਧਰਮ ਦੇ ਲੋਕਾਂ ਵਿੱਚ ਹਰਮਨ ਪਿਆਰੇ ਮੁੱਖ ਮੰਤਰੀ ਮੰਨੇ ਜਾਂਦੇ ਸਨ। ਉਹਨਾਂ ਨੇ ਵੱਖ-ਵੱਖ ਧਰਮਾਂ ਦੇ ਧਰਮ ਸਥਾਨਾਂ ਨੂੰ ਵਿਸ਼ਵ ਪੱਧਰੀ ਸੈਲਾਨੀ ਸਥਲਾਂ ਦੇ ਰੂਪ ਵਿੱਚ ਵਿਕਸਤ ਕਰਨ ‘ਚ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਸੁੰਦਰੀਕਰਨ, ਵਿਰਾਸਤੇ ਖਾਲਸਾ, ਭਗਵਾਨ ਵਾਲਮੀਕ ਸਥਲ, ਚੱਪੜਚਿੜੀ, ਜੰਗ ਏ ਆਜ਼ਾਦੀ ਯਾਦਗਾਰਾਂ ਤੋਂ ਇਲਾਵਾ ਅਨੇਕਾਂ ਵਿਰਾਸਤਾਂ ਸਥਾਪਿਤ ਕਰਵਾਈਆਂ। ਇਹ ਵਿਰਾਸਤਾਂ ਅੱਜ ਵਿਸ਼ਵ ਪੱਧਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਇੱਕ ਵੱਡਾ ਕੱਦਵਾਰ ਨੇਤਾ ਹੋਣ ਦੇ ਬਾਵਜੂਦ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਮੇਂ ਸਮੇਂ ਆਪਣੇ ਰਾਜਨੀਤਕ ਵਿਰੋਧੀਆਂ ਅਤੇ ਪਾਰਟੀ ਅੰਦਰ ਸਾਥੀ ਆਗੂਆਂ ਦੀ ਵਿਰੋਧਤਾ ਅਤੇ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ। ਉਹਨਾਂ ਉੱਤੇ ਵਾਰ ਵਾਰ ਆਪਣੀ ਹੀ ਪਾਰਟੀ ਅੰਦਰ ਇਹ ਇਲਜ਼ਾਮ ਲੱਗਦਾ ਰਿਹਾ ਕਿ ਮੁੱਖ ਮੰਤਰੀ ਹੁੰਦੇ ਹੋਏ ਵੀ ਉਹਨਾਂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਹ ਇਸ ਗੱਲ ਲਈ ਵੀ ਹਮੇਸ਼ਾਂ ਚਰਚਾ ਵਿੱਚ ਰਹੇ ਹਨ ਕਿ ਆਪਣੇ ਨਿੱਜੀ ਫਾਇਦੇ ਲਈ ਉਹ ਆਪਣੇ ਸਿਆਸੀ ਵਿਰੋਧੀਆਂ ਨਾਲ ਸਾਂਝ ਪਾੳਣ ਤੋਂ  ਵੀ ਪ੍ਰਹੇਜ ਨਹੀਂ ਕਰਦੇ। ਇਸ ਗੱਲ ਦੀ ਉਦਾਹਰਣ ਸਭ ਦੇ ਸਾਹਮਣੇ ਹੈ ਕਿ ਉਹਨਾਂ ਨੇ ਕੈਰੋਂ ਖ਼ਾਨਦਾਨ ਵਿੱਚ ਆਪਣੀ ਧੀ ਵਿਆਹਕੇ ਇਹ ਗੱਲ ਵੀ ਸਾਬਤ ਕਰਨ ‘ਤੇ ਪੱਕੀ ਮੋਹਰ ਲਗਾਈ ਹੋਈ ਹੈ।
ਭਾਰਤ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਬਹੁਤ ਘੱਟ ਅਜਿਹੇ ਸਿਆਸਤਦਾਨ ਹੋਣਗੇ ਜਿਹਨਾਂ ਨੇ ਆਪਣੇ ਸੂਬੇ ਲਈ ਲੰਮੇ ਸਮੇਂ ਲਈ ਜੇਲ੍ਹਾਂ ਕੱਟੀਆਂ ਹੋਣ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਆਪਣੇ ਸਾਥੀ ਅਕਾਲੀ ਲੀਡਰਾਂ ਨਾਲ ਪੰਜਾਬੀ ਸੂਬੇ ਦਾ ਮੋਰਚਾ, ਨਹਿਰਾਂ ਰੋਕੋ ਮੋਰਚਾ, ਧਰਮ ਯੁੱਧ ਮੋਰਚਾ ਅਤੇ ਕਪੂਰੀ ਮੋਰਚਾ ਵਰਗੇ ਅਨੇਕਾਂ ਪੰਜਾਬ ਵਿਰੋਧੀ ਮੁੱਦਿਆਂ ਉੱਤੇ ਵਿਰੋਧ ਵਜੋਂ ਆਪਣੀ ਜ਼ਿੰਦਗੀ ਦੇ 17 ਸਾਲ ਜੇਲ੍ਹਾਂ ਵਿੱਚ ਬਿਤਾਏ। ਅਕਾਲੀ ਪਾਰਟੀ ਦੇ ਸਮਰਥਕ ਅਤੇ ਉਹਨਾਂ ਦੇ ਸਾਥੀ ਆਗੂ ਉਹਨਾਂ ਨੂੰ ਦੂਸਰਾ ਮੰਡੇਲਾ ਮੰਨਦੇ ਹਨ। ਭਾਵੇਂ ਸ੍ਰ ਪ੍ਰਕਾਸ਼ ਸਿੰਘ ਬਾਦਲ ਆਪਣੇ ਰਾਜਨੀਤਕ ਜੀਵਨ ਵਿੱਚ ਸਮੇਂ-ਸਮੇਂ ‘ਤੇ ਸੂਬਾ ਸਰਕਾਰਾਂ ਅਤੇ ਕੇਂਦਰੀ ਸਰਕਾਰਾਂ ਵਿਰੁੱਧ ਪੰਜਾਬ ਦੇ ਹਿੱਤਾਂ ਲਈ ਪੰਜਾਬ ਹਿਤੈਸ਼ੀ ਹੋ ਕੇ ਸੰਘਰਸ਼
ਕਰਦੇ ਰਹੇ, ਪਰ ਉਹਨਾਂ ਦੇ ਰਾਜਨੀਤਿਕ ਸੰਘਰਸ਼ ਦੇ ਇਤਿਹਾਸ ਵਿੱਚੋਂ ਇਹ ਗੱਲ ਹਮੇਸ਼ਾਂ ਸਾਡੇ ਜ਼ਿਹਨ ਵਿੱਚ ਆ ਕੇ ਰੜਕਦੀ ਰਹੇਗੀ ਕਿ ਉਹ ਪੰਜਾਬ ਦੇ ਮੁੱਢ ਤੋਂ ਲਟਕਦੇ ਸੰਵੇਦਨਸ਼ੀਲ ਮੁੱਦੇ, ਜਿਵੇਂ ਕਿ ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ ਮੁੱਦਾ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਮੁੱਦੇ ਤੋਂ ਇਲਾਵਾ ਸਿੱਖਾਂ ਦੇ ਜਜ਼ਬਾਤਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸਭ ਤੋਂ ਅਹਿਮ ਧਰਮ ਨਾਲ ਜੁੜੇ ਹੋਏ ਬੇਅਦਬੀਆਂ ਦੇ ਮੁੱਦੇ ਨੂੰ ਆਪਣੇ ਜਿਉਂਦੇ ਜੀਅ ਹੱਲ ਕਰਨ ਤੋਂ ਅਸਮਰੱਥ ਰਹੇ। ਪੰਜਾਬ ਦੇ ਉਪਰੋਕਤ ਅਣਸੁਲਝੇ ਲਟਕਦੇ ਮੁੱਦੇ ਉਹਨਾਂ ਦੇ ਤੁਰ ਜਾਣ ਮਗਰੋਂ ਉਹਨਾਂ ਦੇ ਸਿਆਸੀ ਜੀਵਨ ਦੇ ਇਤਿਹਾਸ ਵਿੱਚ ਪ੍ਰਸ਼ਨ ਚਿੰਨ੍ਹ ਬਣਕੇ ਸਦਾ ਪ੍ਰਸ਼ਨ ਕਰਦੇ ਰਹਿਣਗੇ।

Add new comment