ਵਿਸਾਖੀ ਦਾ ਸੰਕਲਪ ਬਨਾਮ ਮਨੁੱਖਤਾ ਦੀ ਬਰਾਬਰੀਅਤਾ

(ਸਾਂਝੀਵਾਲਤਾ ਦੇ ਸਵਾਲ ਅਜੇ ਵੀ ਅਧੁਰੇ)
ਜਦੋਂ-ਜਦੋਂ ਵੀ ਇਸ ਧਰਤੀ ਉਪਰ ਮਨੁੱਖਤਾ ਦਾ ਘਾਣ (ਭਾਵ ਊਚ-ਨੀਚ, ਜਾਤ-ਪਾਤ, ਅਮੀਰ-ਗਰੀਬ, ਧਰਮ ਕਰਮ ਕਾਂਡਾਂ ਦਾ ਬੋਲਬਾਲਾ) ਹੋਇਆ ਤਾਂ ਉਸ ਦੀ ਰਾਖੀ ਜਾਂ ਹੱਕ ਦੇ ਵਿੱਚ ਕੋਈ ਨਾ ਕੋਈ ਰਹਿਬਰ ਇਸ ਧਰਤੀ ਤੇ ਪ੍ਰਗਟ ਹੋਇਆ ਤੇ ਉਸ ਨੇ ਮਨੁੱਖਤਾ ਦੇ ਹੱਕ ਵਿਚ ਅਵਾਜ਼ ਉਠਾਈ। ਪੰਦਰਵੀ ਸਦੀ ਤੋਂ ਸਤਾਰਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਭਗਤ ਕਬੀਰ ਜੀ ਤੇ ਰਵਿਦਾਸ ਜੀ ਵਰਗੇ ਰਹਿਬਰਾਂ ਨੇ ਮਨੁੱਖਤਾ ਦੀ ਬਰਾਬਰੀ ਹਿੱਤ ਨਾਅਰੇ ਮਾਰੇ। ਜਿਸ ਦਾ ਸਿੱਟਾ ਸਿੱਖ ਧਰਮ ਦੇ ਦਸਵੇਂ ਰਹਿਬਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨੁੱਖਤਾ ਦੀ ਸਾਂਝੀਵਾਲਤਾ ਤੇ ਪੱਕੀ ਮੋਹਰ ਲਾਉਂਦਿਆਂ “ਖਾਲਸਾ ਪੰਥ” ਦੀ ਸਾਜਨਾ ਕਰ ਦਿੱਤੀ। ਜਿਸ ਵਿੱਚ ਸੰਕਲਪ ਸਿਰਫ ਤੇ ਸਿਰਫ ਮਨੁੱਖਤਾ ਦੀ ਬਰਾਬਰੀ, ਜਬਰ ਤੇ ਜ਼ੁਲਮ ਵਿਰੁੱਧ ਲੜਨਾ ਤੇ ਮਨੁੱਖੀ ਹੱਕਾਂ ਦੀ ਰਾਖੀ ਕਰਨਾ ਸੀ। ਉਸ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਤੇ ਹੋਰ ਵੀ ਮਨੁੱਖੀ ਅਧਿਕਾਰਾਂ ਦੇ ਰੱਖਿਆਂ ਨੇ ਇਸ ਰਸਤੇ ਨੂੰ ਚੱਲਦਾ ਰੱਖਿਆ ਤੇ ਇਹ ਪਰੰਪਰਾ ਅੱਜ ਵੀ ਮੌਜੂਦ ਹੈ ਚਾਹੇ ਉਹ ਕਿਸੇ ਵੀ ਧਰਮ-ਮਜ਼੍ਹਬ ਵਿੱਚ ਕਿਉਂ ਨਾ ਹੋਵੇ? ਬਸ਼ਰਤੇ ਅਸੀਂ ਮਨੁੱਖਤਾ ਦੇ ਸ਼ੈਦਾਈ ਕਿੰਨੇ ਕੁ ਹਾਂ? ਇਸ ’ਤੇ ਨਿਰਭਰ ਕਰਦਾ ਹੈ।
ਹੁਣ ਜੇ ਗੱਲ ਕਰੀਏ ਭਾਰਤ ਦੀ ਅਜ਼ਾਦੀ ਦੀ ਲੜਾਈ ਜਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ, ਤਾਂ ਇਸ ਲੜਾਈ ਵਿੱਚ ਵੀ ਸਾਡੇ ਅਨੇਕ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਇਸ ਬਹੁੱਮਲੀ ਅਜ਼ਾਦੀ ਦਾ ਮੁੱਲ ਉਤਾਰਿਆ। ਇਸ ਵਿੱਚ ਕੋਈ ਸੱਕ ਨਹੀਂ ਕਿ ਸਾਡੇ ਇਹਨਾਂ ਅਜ਼ਾਦੀ ਦੇ ਪਰਵਾਨਿਆਂ (ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਆਜ਼ਾਦ ਆਦਿ) ਨੇ ਆਪਣੇ ਰਹਿਬਰਾਂ ਦੇ ਇਤਿਹਾਸ ਨੂੰ ਨਾਂ ਘੋਖਿਆ ਹੋਵੇ! ਕਿਉਂਕਿ ਇਤਿਹਾਸ ਉਹਨਾਂ ਕੌਮਾਂ ਦਾ ਹੀ ਲਿਖਿਆ ਜਾਂਦਾ ਹੈ, ਜੋ ਆਪਣੇ ਇਤਿਹਾਸ ਤੋਂ ਜਾਣੂ ਹੁੰਦੀਆਂ ਹਨ। ਹੁਣ ਜੇਕਰ ਆਪਣੇ ਦੇਸ ਦੀ ਅਜ਼ਾਦੀ ਤੋਂ ਬਾਅਦ ਦੀ ਵੀ ਗੱਲ ਕਰਦੇ ਹਾਂ ਤਾਂ ਸਾਡੇ ਸੰਵਿਧਾਨ ਨਿਰਮਾਤਾਵਾਂ (ਡਾਕਟਰ ਭੀਮ ਰਾਓ ਅੰਬੇਦਕਰ ਤੇ ਸਮੁੱਚੀ ਸੰਵਿਧਾਨ ਖਰੜਾ ਕਮੇਟੀ) ਨੇ ਵੀ ਮਨੁੱਖਤਾ ਦੀ ਬਰਾਬਰੀ ਦੀ ਗੱਲ ਸੰਵਿਧਾਨਕ ਖਰੜੇ ਵਿੱਚ ਲਿਖ ਦਿੱਤੀ ਸੀ।
ਬੇਸ਼ੱਕ ਦੀ ਸਾਡੇ ਧਾਰਮਿਕ ਗੁਰੂਆਂ (ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ) ਦੇ ਆਦਰਸ਼ਾਂ ਤੇ ਚੱਲਦਿਆਂ ਅਨੇਕ ਦੇਸ਼ ਭਗਤਾਂ ਨੇ ਮਨੁੱਖਤਾ ਦੀ ਬਰਾਬਰੀ ਦੇ ਹੱਕ ਵਿੱਚ ਅਵਾਜ਼ ਉਠਾਈ ਪਰ ਕਿਤੇ ਨਾਂ ਕਿਤੇ ਇਸ ਸਮੇਂ ਵਿੱਚ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਅਜੋਕੇ ਸਧਾਰਨ ਮਨੁੱਖ ਤੋਂ ਇਲਾਵਾ ਸਾਡੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਵੀ ਸਾਡੇ ਗੁਰੂ ਸਾਹਿਬਾਨਾਂ ਤੇ ਸ਼ਹੀਦਾਂ ਦਾ ਉਪਦੇਸ਼ ਸਵੀਕਾਰ ਨਹੀਂ ਕੀਤਾ। ਤਾਂ ਹੀ ਅੱਜ ਵੀ ਸਧਾਰਨ ਮਨੁੱਖਤਾ ਦੇ ਹੱਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ, ਚਾਹੇ ਉਹ ਸਮਾਜਿਕ, ਆਰਥਿਕ, ਰਾਜਨੀਤਕ ਤੇ ਧਾਰਮਿਕ ਅਜ਼ਾਦੀ ਦੇ ਹੱਕ ਹੀ ਕਿਉਂ ਨਾਂ ਹੋਣ?
ਅਸੀਂ ਵਿਸਾਖੀ ਤੇ ਲਏ ਬਰਾਬਰਤਾ ਦੇ ਸੰਕਲਪ ਨੂੰ ਵੀ ਭੁਲਾ, ਜਾਤ-ਪਾਤ ਤੇ ਊਚ-ਨੀਚ ਦਾ ਹਾਮੀ ਬਣ ਗਏ ਹਾਂ ਤੇ ਸੰਵਿਧਾਨ ਵਿੱਚ ਦਰਸਾਏ ਮਨੁੱਖੀ ਅਧਿਕਾਰਾਂ ਦੀ ਬਰਾਬਰਤਾ ਦੇ ਖਰੜੇ ਨੂੰ ਵੀ ਲੀਰੋ-ਲੀਰ ਕਰੀ ਜਾ ਰਹੇ। ਇਹਨਾਂ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਦੀਆਂ ਤਸਵੀਰਾਂ, ਤਾਲੀਮ ਦਿੰਦੀਆਂ ਦੀਵਾਰਾਂ ਤੇ ਬਰਾਬਰ ਲਾਉਣਾ ਉਨਾਂ ਚਿਰ ਕੋਈ ਮਾਅਨੇ ਨੀ ਰਖਾਉਂਦਾ, ਜਿਨਾਂ ਚਿਰ ਅਸੀਂ ਵਿਸਾਖੀ ਦੇ ਮੌਕੇ ਸਿਰਜੇ ਅਨੋਖੇ, ਮਨੁੱਖਤਾ ਦੀ ਬਰਾਬਰੀ ਦੇ ਅਧਿਕਾਰਾਂ ਦੇ ਹਾਮੀ ਨਹੀਂ ਬਣਦੇ। ਆਉ ਉਹਨਾਂ ਮਨੁੱਖੀ ਬਰਾਬਰਤਾ ਦੇ ਹਾਮੀਆਂ ਦੇ ਵਚਨਾਂ ਤੇ ਖਰੇ ਉਤਰਨ ਦਾ ਯਤਨ ਕਰੀਏ।

ਬਲਵੀਰ ਸਿੰਘ ਬਾਸੀਆਂ
 

Add new comment