ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਭਗਤੀ ਲਹਿਰ ਦੇ ਸ਼ੁਨਹਿਰੀ ਯੁੱਗ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਸਮੇਂ ਵਿਸ਼ੇਸ਼ ਕਰ ਕੇ ਉੱਤਰੀ ਭਾਰਤ ਵਿੱਚ ਇਸ ਲਹਿਰ ਦਾ ਬਹੁਤ ਉਥਾਨ ਹੋਇਆ। ਇਹ ਉਹ ਸਮਾਂ ਸੀ,ਜਦੋਂ ਸਮਾਜ ਵਿੱਚ ਰਾਜਸੀ ਤੇ ਪੁਜਾਰੀਵਾਦ ਦੇ ਪ੍ਰਭਾਵ ਹੇਠ ਨੀਵੀਆਂ ਜਾਤਾਂ ਦਾ ਧਾਰਮਿਕ,ਸਮਾਜਿਕ,ਰਾਜਨੀਤਕ ਤੇ ਆਰਥਿਕ ਤੌਰ ਤੇ ਜਿਉਣਾ ਦੁੱਭਰ ਕੀਤਾ ਹੋਇਆ ਸੀ। ਪੁਜਾਰੀ/ਪੰਡਿਤ/ਮੁਲਾਣਿਆਂ ਤੇ ਹਠੀ-ਯੋਗੀਆਂ ਦੇ ਆਪਣੇ ਧਾਰਮਿਕ ਵਚਨਾਂ ਨੇ ਸਧਾਰਨ ਲੋਕਾਂ ਨੂੰ ਉਲਝਾ ਕੇ ਰੱਖਿਆ ਹੋਇਆ ਸੀ। ਉਹਨਾਂ ਦੁਆਰਾ ਦਿੱਤੇ ਜਾਂਦੇ ਨਿਤਾਪ੍ਰਤੀ ਦੇ ਫੁਰਮਾਨ ਲੋਕਾਂ ਨੂੰ ਉਹਨਾਂ ਦੀ ਚਾਕਰੀ ਕਰਨ ਲਈ ਮਜਬੂਰ ਕਰਦੇ ਸਨ। ਇਹਨਾਂ ਲੋਕਾਂ ਨੇ ਹੀ ਆਮ ਲੋਕਾਂ ਲਈ ਰੱਬ ਦੇ ਘਰ ਦਾ ਰਸਤਾ ਰੋਕ ਰੱਖਿਆ ਸੀ।ਪਰ ਇਸ ਭਗਤੀ ਲਹਿਰ ਦੌਰਾਨ ਹੀ ਇਹਨਾਂ ਪੰਡਿਤਾਂ-ਮੌਲਾਣਿਆਂ ਦੇ ਇਹਨਾਂ ਕਰਮ-ਕਾਂਡਾਂ ਖਿਲਾਫ ਰੋਹ ਜਾਗਣ ਲੱਗਾ। ਭਗਤੀ ਲਹਿਰ ਦੌਰਾਨ ਬਹੁਤ ਸਾਰੇ ਮਹਾਨ ਸੰਤ-ਭਗਤ ਪੈਦਾ ਹੋਏ ,ਜਿਹਨਾਂ ਨੇ ਸਮੇਂ ਦੇ ਸਿਸਟਮ ਨਾਲ ਮੱਥਾ ਲਾਇਆ। ਇਹਨਾਂ ਸੰਤ-ਭਗਤਾਂ ਵਿੱਚ ਭਗਤ ਰਵਿਦਾਸ ਜੀ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਹੋਇਆ ਹੈ।
ਬੇਸ਼ੱਕ ਆਪ ਦੇ ਜਨਮ ਬਾਰੇ ਵੱਖ- ਵੱਖ ਖੋਜਕਾਰਾਂ ਨੇ ਆਪੋ-ਆਪਣੀਆਂ ਤਿਥੀਆਂ ਦਰਸਾਈਆਂ ਹਨ। ਬਹੁਤੇ ਲੇਖਕਾਂ/ਖੋਜਕਾਰਾਂ ਨੇ ਉਹਨਾਂ ਦਾ ਜਨਮ ਮਾਘੁ ਸੁਦੀ ਪੰਦਰਵੀਂ ਸੰਮਤ 1633 (1433 ਈਸਵੀ) ਨੂੰ ਮਾਘੁ ਦੀ ਪੂਰਨਮਾਸ਼ੀ ਵਾਲੇ ਦਿਨ ਬਨਾਰਸ ਨੇੜੇ ਸੀਰ ਗੋਵਰਧਨਪੁਰ (ਉੱਤਰ ਪ੍ਰਦੇਸ਼) ਵਿੱਚ ਮਾਤਾ ਕਲਸਾਂ ਦੀ ਕੁੱਖੋਂ ਪਿਤਾ ਸੰਤੋਖ ਦੇ ਘਰ ਹੋਇਆ ਦੱਸਿਆ ਹੈ । ਆਪ ਬੇਸ਼ੱਕ ਦਸ ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਪੁਰਖੀ ਚੰਮ ਚੁੱਕਣ/ਰੰਗਣ ਦੇ ਕੰਮ ਵਿੱਚ ਲੱਗ ਗਏ ਸਨ। ਪਰ ਨਾਲੋ-ਨਾਲ ਆਪ ਪ੍ਰਭੂ ਭਗਤੀ ਵਿਚ ਵੀ ਲੀਨ ਰਹਿੰਦੇ ਸਨ। ਆਪ ਦਾ ਇਹ ਰੁਖ ਦੇਖ ਕੇ ਆਪਦੇ ਪਿਤਾ ਨੇ ਪਰਿਵਾਰਕ ਕੰਮਾਂ ਵਿੱਚ ਮਨ ਲਾਉਣ ਖਾਤਰ ਆਪ ਦਾ ਵਿਆਹ ਵੀ ਕਰ ਦਿੱਤਾ ਪਰ ਆਪ ਨੇ ਆਪਣੀ ਕਿਰਤ ਕਰਨ ਦੇ ਨਾਲ- ਨਾਲ ਭਗਤੀ ਮਾਰਗ ਨਹੀਂ ਛੱਡਿਆ। ਪਿਤਾ ਦੇ ਗੁੱਸੇ ਹੋਣ ਉਪਰੰਤ ਆਪ ਪਿਤਾ ਦਾ ਘਰ ਛੱਡ ਪਰਿਵਾਰ ਸਮੇਤ ਝੌਂਪੜੀ ਬਣਾ ਕੇ ਰਹਿਣ ਲੱਗੇ। ਆਉਂਦੇ-ਜਾਂਦੇ ਰਾਹੀਆਂ ਦੇ ਜੋੜੇ ਗੰਢ ਕੇ ਆਪ ਆਪਣਾ ਪਰਿਵਾਰ ਪਾਲਦੇ। ਆਪਣੀ ਜਾਤ ਤੇ ਕਿੱਤੇ ਬਾਰੇ ਆਪ ਲੋਕਾਂ ਨੂੰ ਬੇਬਾਕ ਦੱਸਦੇ ਹੋਏ ਆਪ ਫੁਰਮਾਉਂਦੇ ਸਨ
ਮੇਰੀ ਜਾਤਿ ਕੁਟ ਬਾਂਢਲਾ,ਢੋਰ ਢੋਵੰਤਾ। ।
ਇਸ ਤਰ੍ਹਾਂ ਉਹ ਨੀਵੀਂ ਜਾਤੀ ਦੇ ਹੋਣ ਤੇ ਦੂਜੇ ਪਾਸੇ ਭਗਤੀ ਕਰਨ ਕਰਕੇ ਆਲੇ-ਦੁਆਲੇ ਦੇ ਪੰਡਿਤ ਉਹਨਾਂ ਦੀ ਇਸ ਕਾਰਵਾਈ ਤੋਂ ਔਖੇ ਹੋਣ ਲੱਗੇ ਕਿ ਭਗਤੀ ਦਾ ਹੱਕ ਸਿਰਫ ਉੱਚ ਜਾਤੀ ਦੇ ਲੋਕਾਂ ਨੂੰ ਹੀ ਹੁੰਦਾ ਹੈ। ਉਚ ਜਾਤੀ ਅਭਿਮਾਨੀ ਤਾਂ ਉਸ ਸਮੇਂ ਨੀਵੀਆਂ ਜਾਤਾਂ ਵਾਲਿਆਂ ਨੂੰ ਮੰਦਰਾਂ ਵਿੱਚ ਜਾਣ ਦੀ ਆਗਿਆ ਨਹੀਂ ਦਿੰਦੇ ਸਨ। ਸਮਾਜਿਕ ਤੇ ਧਾਰਮਿਕ ਤੌਰ ਤੇ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਪਰ ਆਪ ਖੁਸ਼ ਸਨ ਕਿ ਉਹ ਨੀਵੀਂ ਜਾਤਿ ਦੇ ਹੋ ਕੇ ਵੀ ਪ੍ਰਮਾਤਮਾ ਦੇ ਨੇੜੇ ਹਨ। ਕਿਉਂਕਿ ਆਪ ਸਮਝਦੇ ਕਿ ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ,ਉਹ ਸਾਰੇ ਊਚ-ਨੀਚ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਆਪਣੇ ਸ਼ਬਦਾਂ ਵਿੱਚ ਆਖਦੇ ਸਨ
ਐਸੀ ਲਾਲ ਤੁਝ ਬਿਨੁ ਕਉਨੁ ਕਰੈ। ।
ਗਰੀਬ ਨਿਵਾਜੁ ਗੁਸਈਆ ਮੇਰਾ,ਮਾਥੈ ਛਤਰ ਧਰੈ। ।
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ। ।
ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ। ।
ਆਪ ਆਪਣੇ ਇਹਨਾਂ ਸ਼ਬਦਾਂ ਰਾਹੀਂ ਪੰਡਿਤਾਂ ਨੂੰ ਸਮਝਾਉਂਦੇ ਵੀ ਰਹੇ ਪਰ ਪੰਡਿਤ ਆਪ ਦੀਆਂ ਸ਼ਿਕਾਇਤਾਂ ਰਾਜੇ ਨਾਗਰ ਮੱਲ ਕੋਲ ਕਰਨ ਲੱਗੇ ਕਿ ਸੰਤੋਖ ਦਾ ਪੁੱਤ ਮੱਥੇ ਤਿਲਕ ਲਗਾਉਂਦਾ ਹੈ ਤੇ ਧੋਤੀ ਪਹਿਨਦਾ ਹੈ। ਪੰਡਿਤਾਂ ਦੀਆਂ ਸ਼ਿਕਾਇਤਾ ਕਾਰਨ ਆਪ ਨੂੰ ਰਾਜੇ ਨਾਗਰ ਮੱਲ ਦੀ ਕਚਹਿਰੀ ਵੀ ਪੇਸ਼ ਹੋਣਾ ਪਿਆ ਪਰ ਆਪ ਆਪਣੀ ਵਿਚਾਰਧਾਰਾ ਤੇ ਅਡੋਲ ਰਹੇ।
ਆਪ ਦੀ ਵਿਚਾਰਧਾਰਾ ਕਾਰਨ ਜਿੱਥੇ ਅਖੌਤੀ ਬ੍ਰਾਹਮਣ/ਮੁਲਾਣੇ ਆਪ ਨਾਲ ਖਾਰ ਖਾਂਦੇ ਸਨ,ਉੱਥੇ ਆਪ ਦੀ ਭਗਤੀ ਤੇ ਵਿਚਾਰਧਾਰਾ ਕਾਰਨ ਰਾਣੀ ਮੀਰਾਂਬਾਈ ਤੇ ਝਾਲਾਂਬਾਈ ਨਾਮਕ ਰਾਣੀਆਂ ਆਪ ਦੀਆਂ ਮੁਰੀਦ ਬਣੀਆਂ।
ਆਪ ਜੀ ਨੇ ਆਪਣੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਤੇ ਦੱਬੇ ਕੁਚਲੇ ਲੋਕਾਂ ਨੂੰ ਅਖੌਤੀ ਬ੍ਰਾਹਮਣਵਾਦੀ ਕਰਮਕਾਂਡਾਂ ਤੋਂ ਮੁਕਤ ਕਰਨ ਹਿੱਤ ਕਾਫੀ ਲੰਮੀਆਂ ਯਾਤਰਾਵਾਂ ਵੀ ਕੀਤੀਆਂ। ਬਨਾਰਸ ਤੋਂ ਲੈ ਕੇ ਨਾਗਪੁਰ,ਹੈਦਰਾਬਾਦ,ਸ਼੍ਰੀਨਗਰ ਤੋਂ ਹੁੰਦੇ ਹੋਏ ਹਰਿਦੁਆਰ ਵੀ ਗਏ। ਇੱਕ ਯਾਤਰਾ ਸਮੇਂ ਉਹ ਪੰਜਾਬ ਦੇ ਖੁਰਾਲਗੜ੍ਹ ਵੀ ਆਏ ਤੇ ਲੱਗਭਗ ਚਾਰ ਸਾਲ ਦੇ ਕਰੀਬ ਇੱਥੇ ਰਹੇ ਦੱਸੇ ਜਾਂਦੇ ਹਨ।
ਇਸ ਸਮੇਂ ਦੌਰਾਨ ਆਪ ਨੇ ਹੱਕ-ਸੱਚ ਦਾ ਹੋਕਾ ਹੀ ਦਿੱਤਾ ਤੇ ਝੂਠੇ ਕਰਮਕਾਂਡਾਂ ਦਾ ਵਿਰੋਧ ਕਰ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਆਪ ਦੀ ਵਿਚਾਰਧਾਰਕ ਪਰਤੀਬੱਧਤਾ ਦੇ 40 ਸਲੋਕ ਬਾਣੀ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦੇ ਹਾਂ ਤਾਂ ਅਸੀਂ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕਦੇ ਹਾਂ ਪਰ ਸੋਚਣ ਦੀ ਲੋੜ ਇਸ ਗੱਲ ਦੀ ਹੈ ਕਿ ਕੀ ਸਾਡਾ ਅਜੋਕਾ ਪੁਜਾਰੀਵਾਦ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ,ਉਸ ਨੇ ਊਚ-ਨੀਚ ਜਾਂ ਅਖੌਤੀ ਕਰਮਕਾਂਡਾਂ ਨੂੰ ਛੱਡ ਦਿੱਤਾ ਹੈ ?
ਕੀ ਅੱਜ ਵੀ ਨੀਚੀ ਜਾਤਿ ਦੇ ਲੋਕਾਂ ਨੂੰ ਸਮਾਜਿਕ,ਰਾਜਨੀਤਕ,ਧਾਰਮਿਕ ਤੇ ਆਰਥਿਕ ਤੌਰ ਤੇ ਬਰਾਬਰਤਾ ਦਿੱਤੀ ਜਾਂਦੀ ਹੈ ?
ਕੀ ਅਸੀਂ ਗੁਰੂਆਂ/ਭਗਤਾਂ ਦੀ ਬਾਣੀ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਪੂਰਨ ਤੌਰ ਤੇ ਅਪਣਾ ਲਿਆ ਹੈ?
ਕੀ ਅੱਜ ਸਾਡੇ ਧਰਮਾਂ ਦੇ ਠੇਕੇਦਾਰ ਸਮਾਜਿਕ ਬਾਰਬਰੀ ਦੇ ਹਾਮੀ ਹਨ?
ਜੇਕਰ ਇਹਨਾਂ ਸਵਾਲਾਂ ਦੇ ਜਵਾਬ ਹਾਂ ਵਿੱਚ ਹਨ ਤਾਂ ਅਸੀਂ ਵਾਕਿਆ ਹੀ ਆਪਣੇ ਗੁਰੂਆਂ/ਭਗਤਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਲਿਆ ਹੈ। ਜੇਕਰ ਨਹੀਂ ਤਾਂ ਸਾਨੂੰ ਅਜੇ ਵੀ ਦੱਬੇ-ਕੁਚਲੇ ਲੋਕਾਂ ਦੀ ਬਾਂਹ ਫੜ ਨਿਤਾਣਿਆਂ ਨਾਲ ਖੜਨ ਦੀ ਲੋੜ ਹੈ। ਜੇਕਰ ਅਸੀਂ ਤਨੋਂ-ਮਨੋਂ ਸਮਾਜਿਕ ਬਰਾਬਰੀ ਦਾ ਤਹੱਈਆ ਕਰਨ ਦਾ ਰਾਹ ਅਖਤਿਆਰ ਕਰਦੇ ਹਾਂ ਤਾਂ ਹੀ ਸਾਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਮੁਬਾਰਕ ਕਹਿਣ ਦਾ ਹੱਕ ਹੈ। ਜਿਹਨਾਂ ਨੇ ਕਿਹਾ ਸੀ
ਬੇਗਮ ਪੁਰਾ ਸਹਰ ਕੋ ਨਾਉ। ।
ਦੂਖੁ ਅੰਦੋਹ ਨਹੀਂ ਤਿਹਿ ਠਾਉ। ।
ਨਹੀਂ ਤਾਂ ਅਸੀਂ ਅਜੇ ਵੀ ਗੁਰੂਆਂ/ਭਗਤਾਂ ਦੀ ਬਾਣੀ ਨੂੰ ਅਸਲ ਰੂਪ ਵਿੱਚ ਅਪਨਾਉਣ ਤੋਂ ਕੋਹਾਂ ਦੂਰ ਹਾਂ। ਕਿਉਂਕਿ ਉਹਨਾਂ ਨੇ ਇਕੱਲਾ ਬੇਗਮਪੁਰਾ ਦਾ ਸੰਕਲਪ ਹੀ ਨਹੀਂ ਲਿਆ ਸਗੋਂ ਅੱਗੇ ਜਾ ਕੇ ਮਨੁੱਖਤਾ ਦੀ ਬਰਾਬਰਤਾ ਬਾਰੇ ਸਾਨੂੰ ਰਾਜਨੀਤਕ ਤੌਰ ਤੇ ਵੀ ਖੋਲ੍ਹ ਕੇ ਸਮਝਾਉਣ ਦਾ ਯਤਨ ਕੀਤਾ ਜਿਵੇਂ
ਐਸਾ ਚਾਹੂੰ ਰਾਜ ਮੈਂ,ਜਹਾਂ ਮਿਲੇ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਵਸੈ,ਰਵਿਦਾਸ ਰਹੇ ਪ੍ਰਸੰਨ। ।
ਸਾਡੇ ਦੇਸ਼ ਵਿੱਚ ਅੱਜ ਵੀ ਕਰੋੜਾਂ ਲੋਕ ਬਿਨਾਂ ਅੰਨ ਤੋਂ ਸੌਂਦੇ ਹਨ। ਲੱਖਾਂ ਬੱਚੇ ਚੰਗੀ ਖੁਰਾਕ ਨਾਂ ਮਿਲਣ ਕਾਰਨ ਕੁਪੋਸ਼ਣ/ਅਨੀਮੀਆ ਦਾ ਸ਼ਿਕਾਰ ਹੋ ਹਰ ਸਾਲ ਮੌਤ ਦੇ ਮੂੰਹ ਚਲੇ ਜਾਂਦੇ ਹਨ।
ਸੋ ਬਰਾਬਰਤਾ ਵਾਲੇ ਸਮਾਜ ਦੀ ਉਸਾਰੀ ਲਈ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਤਨੋਂ-ਮਨੋਂ ਕੰਮ ਕਰਨ ਦੀ ਲੋੜ ਹੈ। ਆਉ ਉਹਨਾਂ ਦੇ ਜਨਮ ਦਿਵਸ ਮੌਕੇ ਉਹਨਾਂ ਦੇ ਦਰਸਾਏ ਸਮਾਜਿਕ ਬਰਾਬਰੀ ਦੇ ਰਾਹ ਤੁਰਨ ਦਾ ਤਹੱਈਆ ਕਰੀਏ।