
ਨਾਦੇੜ, 28 ਜਨਵਰੀ 2025 : ਤਖ਼ਤ ਸ੍ਰੀ ਅਬਿਚਲ ਨਗਰ ਸਾਹਿਬ ਵਿਖੇ ਦਸਮੇਸ਼ ਪਿਤਾ, ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਸਨ ਤਖ਼ਤ ਸਾਹਿਬ ਦੀ ਸੇਵਾ ਦੇ 25 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਰਘਵੀਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਜ਼ੂਰ ਸਾਹਿਬ ਦੇ ਜੱਥੇਦਾਰ ਬਾਬਾ ਕੁਲਵੰਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੱਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿ ਦੇ ਜੱਥੇਦਾਰ ਗਿਆਨੀ ਬਲਦੇਵ ਸਿੰਘ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਜੱਥੇਦਾਰ ਨੂੰ ਮਿਲਣ ਵਾਲਾ ਸਨਮਾਨ ਗੁਰੂ ਦਾ ਸਨਮਾਨ ਹੈ, ਜੇ ਅਪਮਾਨ ਜੱਥੇਦਾਰ ਦਾ ਹੈ ਤਾਂ ਉਹ ਵੀ ਗੁਰੂ ਦਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਇਮਾਰਤਾਂ ਨਹੀਂ ਹਨ, ਸਗੋਂ ਖਾਲਸਾ ਪੰਥ ਦਾ ਸਮੁੱਚਾ ਸੰਕਲਪ ਹੈ। ਤਖ਼ਤ ਸਾਹਿਬ ਤੋਂ ਸਿੱਖ ਪੰਥ ਸੇਧ ਲੈਂਦਾ ਹੈ ਅਤੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ ਤੇ ਅੱਗੇ ਵਧਦਾ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਖ਼ਤ ਸਾਹਿਬ ਨੇ ਹਮੇਸ਼ਾਂ ਪੰਥ ਦੀ ਅਗਵਾਈ ਕਰਦਿਆਂ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਤਖ਼ਤ ਸਾਜੇ ਹਨ। ਇਹ ਐਸੇ ਮਹਾਨ ਤਖ਼ਤ ਸਾਜੇ ਹਨ ਕਿ ਜਿੰਨ੍ਹਾਂ ਤੋਂ ਸਮੇਂ ਦੇ ਹਾਕਮ ਪੂਰੀ ਤਰ੍ਹਾਂ ਭੈਅ ਖਾਂਦੇ ਰਹੇ ਹਨ। ਜੇਕਰ ਕਿਸੇ ਨੇ ਤਖ਼ਤ ਸਾਹਿਬ ਨਾਲ ਪੰਗਾਂ ਲਿਆ ਤਾਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੇ ਕਦੇ ਵੀ ਤਖ਼ਤ ਸਾਹਿਬਾਨ ਨੂੰ ਪਿੱਠ ਨਹੀਂ ਦਿਖਾਈ, ਸਗੋਂ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮ ਖਿੜੇ ਮੱਥੇ ਪ੍ਰਵਾਨ ਕੀਤੇ ਹਨ। ਜਿਹੜਾ ਵੀ ਤਖ਼ਤ ਸਾਹਿਬਾਨ ਤੋਂ ਮੁੱਖ ਮੋੜਦਾ ਹੈ, ਉਨ੍ਹਾਂ ਦਾ ਨਸਲਾਂ ਨਾਸ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਤਖ਼ਤ ਸਾਹਿਬ ਦੇ ਸੇਵਾਦਾਰਾਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ। ਜੱਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਪੰਜੇ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦਾ ਬਹੁਤ ਪਿਆਰ ਹੈ।ਉਨ੍ਹਾਂ ਕਿਹਾ ਕਿ 30 ਅਕਤੂਬਰ 2018 ਨੂੰ ਉਨ੍ਹਾਂ ਨੇ ਬਤੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਜੋਂ ਸੇਵਾ ਸੰਭਾਲੀ ਸੀ, ਜਦੋਂ ਉਹ ਇੱਕ ਨਵੰਬਰ ਨੂੰ ਦਫਤਰ ਵਿੱਚ ਬੈਠਾ ਤਾਂ ਕੁੱਝ ਮਹੀਨਿਆਂ ਦੀ ਡਾਕ ਇੱਕਠੀ ਹੋਈ ਸੀ, ਉਸ ਡਾਕ ਵਿੱਚ ਜਿੰਨੀਆਂ ਚਿੱਠੀਆਂ, ਜਿੰਨੇ ਪੱਤਰ ਸੀ, ਉਨ੍ਹਾਂ ਵਿੱਚ ਐਸੀ ਸ਼ਬਦਾਂਵਲੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ, ਪੜਨੀ ਵੀ ਮੁਸ਼ਕਿਲ ਸੀ। ਕੁੱਝ ਲਿਫਾਫੇ ਐਸੇ ਸਨ, ਜਿੰਨ੍ਹਾਂ ਵਿੱਚੋਂ ਚੂੜੀਆਂ ਨਿੱਕਲੀਆਂ ਸਨ, ਜਿਸ ਨੂੰ ਦੇਖ ਕੇ ਮਨ ਬੜਾ ਉਦਾਸ ਹੋਇਆ ਸੀ। ਜਿਸ ਤੋਂ ਬਾਅਦ ਉਹ ਚੂੜੀਆਂ ਝੋਲੀ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਗੋਲ ਤੇ ਰੱਖੀਆਂ ਅਤੇ ਧੰਨ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦਾ ਸਨਮਾਨ ਹੋ ਰਿਹਾ ਤਾਂ ਇਹ ਸਨਮਾਨ ਇੰਨ੍ਹਾਂ ਦਾ ਨਹੀਂ ਸਗੋਂ ਤਖ਼ਤ ਸਾਹਿਬ ਦਾ ਸਨਮਾਨ ਹੈ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਪੰਥ ਤੋਂ ਪੁੱਛਣਾ ਚਾਹੁੰਦੇ ਹਨ ਕਿ ਤਖ਼ਤ ਦੇ ਜੱਥੇਦਾਰ ਦੇ ਪੁਤਲੇ ਫੂਕਣੇ ਕਿਸ ਦਾ ਅਪਮਾਨ ਹੈ।
https://www.facebook.com/singhsahibgianiharpreetsingh/videos/635262708837598