ਵਿਸ਼ਾਖਾਪਟਨਮ, 23 ਮਾਰਚ: ਵੀਰਵਾਰ ਤੜਕੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਬਿਹਾਰ ਦੇ ਰਹਿਣ ਵਾਲੇ ਦੋ ਬੱਚੇ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਲੋਕਾਂ ਮੁਤਾਬਕ ਕਰੀਬ 2 ਦਹਾਕੇ ਪੁਰਾਣੀ ਇਹ ਇਮਾਰਤ ਰਾਤ 1.30 ਵਜੇ ਦੇ ਕਰੀਬ ਢਹਿ ਗਈ, ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਇਮਾਰਤ ਦੇ ਵਸਨੀਕਾਂ ਨੇ ਮ੍ਰਿਤਕ ਅੰਜਲੀ ਦਾ ਜਨਮ ਦਿਨ ਮਨਾਇਆ ਸੀ। ਇਮਾਰਤ ਡਿੱਗਣ ਤੋਂ ਤੁਰੰਤ ਬਾਅਦ ਸਥਾਨਕ ਲੋਕ ਮੌਕੇ 'ਤੇ ਪੁੱਜੇ ਅਤੇ ਮਲਬੇ ਹੇਠੋਂ ਪੰਜ ਵਿਅਕਤੀਆਂ ਨੂੰ ਬਾਹਰ ਕੱਢਿਆ। ਜ਼ਿੰਦਾ ਦਫ਼ਨ ਕੀਤੇ ਗਏ ਪੀੜਤਾਂ ਦੀ ਪਛਾਣ ਐਸ. ਦੁਰਗਾਪ੍ਰਸਾਦ (17), ਐਸ. ਅੰਜਲੀ (10) ਅਤੇ ਛੋਟੂ (27) ਵਜੋਂ ਹੋਈ ਹੈ। ਬਚਾਅ ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਇਮਾਰਤ ਵਿੱਚ ਅੱਠ ਵਿਅਕਤੀ ਮੌਜੂਦ ਸਨ। ਮੌਕੇ 'ਤੇ ਪੁੱਜੇ ਐਨਡੀਆਰਐਫ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਲਬੇ 'ਚੋਂ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਕੇਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।