ਦਿੱਲੀ : ਦਿੱਲੀ ਦੇ ਦੱਖਣੀ ਪੱਛਮੀ ਜ਼ਿਲੇ ਦੇ ਪਾਲਮ ਇਲਾਕੇ ‘ਚ ਇਕ ਘਰ ‘ਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਖੁਦਕੁਸ਼ੀ ਨਹੀਂ ਸਗੋਂ ਕਤਲ ਦਾ ਮਾਮਲਾ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਮੁੰਡੇ ਨੇ ਹੀ ਆਪਣੇ ਮਾਪਿਆਂ, ਭੈਣ ਅਤੇ ਦਾਦੀ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚਾਰਾਂ ਨੂੰ ਨੌਜਵਾਨ ਨੇ ਇੱਕ-ਇੱਕ ਕਰਕੇ ਚਾਕੂਆਂ ਨਾਲ ਵਿਨ੍ਹ ਦਿੱਤਾ ਅਤੇ ਫਿਰ ਬਾਅਦ ਵਿੱਚ ਲਾਸ਼ਾਂ ਦੇ ਕੋਲ ਬੈਠਾ ਰਿਹਾ। ਮ੍ਰਿਤਕਾਂ ਵਿੱਚ 75 ਸਾਲ ਦੀ ਦੀਵਾਨੋ ਦੇਵੀ (ਦਾਦੀ), ਦਿਨੇਸ਼ (ਪਿਤਾ), ਦਰਸ਼ਨ (ਮਾਂ) ਅਤੇ ਭੈਣ ਉਰਵਸ਼ੀ ਸੈਣੀ ਸ਼ਾਮਲ ਹਨ, ਜਦਕਿ ਦੋਸ਼ੀ ਦਾ ਨਾਂ ਕੇਸ਼ਵ (25)ਹੈ। ਕਾਤਲ ਕੇਸ਼ਵ ਕੁਝ ਸਮਾਂ ਪਹਿਲਾਂ ਤੱਕ ਕੰਮ ਕਰ ਰਿਹਾ ਸੀ ਪਰ ਕੁਝ ਕਾਰਨਾਂ ਕਰਕੇ ਉਸ ਦੀ ਨੌਕਰੀ ਚਲੀ ਗਈ। ਉਹ ਨਸ਼ਾ ਵੀ ਕਰਦਾ ਸੀ ਅਤੇ ਇਸ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੜਾਈ-ਝਗੜਾ ਕਰਦਾ ਸੀ। ਇਸ ਦੌਰਾਨ ਕੁਝ ਸਮਾਂ ਪਹਿਲਾਂ ਉਸ ਦਾ ਆਪਣੀ ਪ੍ਰੇਮਿਕਾ ਨਾਲ ਵੀ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਵੀ ਸੀ। ਮੰਗਲਵਾਰ ਰਾਤ ਘਰ ਦੇ ਸਾਰੇ ਮੈਂਬਰ ਜਾਗ ਰਹੇ ਸਨ, ਜਿਸ ਤੋਂ ਬਾਅਦ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਕੇਸ਼ਵ ਨੇ ਪਰਿਵਾਰ ਦੇ ਮੈਂਬਰਾਂ ਦਾਦੀ, ਪਿਤਾ, ਮਾਂ ਅਤੇ ਭੈਣ ਦਾ ਇਕ-ਇਕ ਕਰਕੇ ਕਤਲ ਕਰ ਦਿੱਤਾ ਸੀ। ਦੂਜੇ ਪਾਸੇ ਸੂਚਨਾ ਮਿਲਣ ‘ਤੇ ਦਿੱਲੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਚਾਰਾਂ ਲੋਕਾਂ ਦੇ ਕਤਲ ਦਾ ਇਹ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਝਗੜੇ ਕਾਰਨ ਨੌਜਵਾਨ ਨੇ ਚਾਰੋ ਮੈਂਬਰਾਂ ਦਾ ਚਾਕੂ ਨਾਲ ਕਤਲ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਕਤਲ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਇੰਨਾ ਹੀ ਨਹੀਂ ਘਰ ‘ਚ ਪੁਲਿਸ ਦੇ ਆਉਣ ਤੱਕ ਉਹ ਲਾਸ਼ ਕੋਲ ਹੀ ਬੈਠਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਉਣ ਤੋਂ ਬਾਅਦ ਵੀ ਉਹ ਨਸ਼ਾ ਨਹੀਂ ਛੱਡ ਸਕਿਆ ਸੀ।