ਜੰਮੂ, 29 ਅਕਤੂਬਰ 2024 : ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਦੇ ਕੈਰੀ ਬਟਾਲ ਇਲਾਕੇ 'ਚ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ 'ਤੇ ਗੋਲੀਬਾਰੀ ਕੀਤੀ ਸੀ। ਇਸ ਹਮਲੇ 'ਚ ਫੌਜ ਨੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। 27 ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਪਿਛਲੇ ਸੋਮਵਾਰ ਯਾਨੀ 28 ਅਕਤੂਬਰ ਨੂੰ ਅੱਤਵਾਦੀਆਂ ਨੇ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਅਖਨੂਰ ਸੈਕਟਰ ਦੇ ਕੇਰੀ ਬਟਾਲ ਇਲਾਕੇ 'ਚ ਸ਼ਿਵ ਮੰਦਰ ਨੇੜੇ ਫੌਜ ਦੀ ਐਂਬੂਲੈਂਸ 'ਤੇ ਗੋਲੀਬਾਰੀ ਕੀਤੀ ਸੀ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਸੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਅੱਤਵਾਦੀਆਂ ਨਾਲ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਆਪ੍ਰੇਸ਼ਨ ਦੌਰਾਨ ਗੋਲੀ ਲੱਗਣ ਨਾਲ ਚਾਰ ਸਾਲ ਦੇ ਬਹਾਦਰ ਫੌਜੀ ਕੁੱਤੇ ਫੈਂਟਮ ਦੀ ਮੌਤ ਹੋ ਗਈ। ਜਦੋਂ ਪਿੰਡ ਦੇ ਤਿੰਨ ਬੱਚੇ ਰੋਜ਼ਾਨਾ ਦੀ ਤਰ੍ਹਾਂ ਸ਼ਿਵ ਮੰਦਰ 'ਚ ਮੱਥਾ ਟੇਕ ਕੇ ਟਿਊਸ਼ਨ ਪੜ੍ਹਨ ਜਾ ਰਹੇ ਸਨ ਤਾਂ ਮੰਦਰ 'ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਅੱਤਵਾਦੀ ਬੱਚਿਆਂ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ ਦੇਣ ਦੀ ਮੰਗ ਕਰ ਰਹੇ ਸਨ। ਜਦੋਂ ਬੱਚਿਆਂ ਨੇ ਅੱਤਵਾਦੀਆਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਮੋਬਾਈਲ ਫੋਨ ਨਹੀਂ ਹੈ ਤਾਂ ਉਹ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਤਲਾਸ਼ੀ ਲਈ। ਅੱਤਵਾਦੀਆਂ ਦੀ ਤਲਾਸ਼ 'ਚ ਫੌਜ ਨੇ ਇਕ ਟੈਂਕ (ਪੈਦਲ ਫੌਜੀ ਲੜਾਕੂ ਵਾਹਨ) ਨੂੰ ਵੀ ਖੱਡ 'ਚ ਉਤਾਰ ਦਿੱਤਾ, ਤਾਂ ਕਿ ਅੱਤਵਾਦੀਆਂ ਦੀਆਂ ਗੋਲੀਆਂ ਦਾ ਅਸਰ ਨਾ ਹੋਵੇ। ਰਾਤ ਤੱਕ ਸੁਰੱਖਿਆ ਬਲਾਂ ਨੇ ਮੰਦਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਲਿਆ ਹੈ ਤੇ ਕਿਸੇ ਨੂੰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਫੌਜ ਨੇ ਅਖਨੂਰ ਦੇ ਬਟਾਲ ਖੇਤਰ ਦੇ ਆਲੇ-ਦੁਆਲੇ ਨਿਗਰਾਨੀ ਅਤੇ ਘੇਰਾਬੰਦੀ ਨੂੰ ਮਜ਼ਬੂਤ ਕਰਨ ਲਈ ਆਪਣੇ ਚਾਰ BMP-II ਪੈਦਲ ਫੌਜੀ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਹੈ, ਜਦਕਿ ਲੁਕੇ ਹੋਏ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਹੈਲੀਕਾਪਟਰ ਅਤੇ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਅਖਨੂਰ ਸੈਕਟਰ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁੰਦਰਬਨੀ 'ਚ ਵੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸੁਰੱਖਿਆ ਬਲਾਂ ਵੱਲੋਂ ਜੰਮੂ ਪੁੰਛ ਨੈਸ਼ਨਲ ਹਾਈਵੇਅ 'ਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁੰਛ ਰਾਜੌਰੀ ਤੋਂ ਸੁੰਦਰਬਨੀ ਵਿੱਚ ਦਾਖ਼ਲ ਹੋਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਚੌਕੀਆਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਹਰ ਆਉਣ ਵਾਲੇ ਅਤੇ ਸ਼ੱਕੀ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਤਵਾਦੀ ਹਮਲਿਆਂ 'ਚ ਵਾਧਾ ਹੋਇਆ ਹੈ। ਮੁੱਖ ਮੰਤਰੀ ਉਮਰ ਅਬਦੁੱਲਾ ਦੇ ਸਹੁੰ ਚੁੱਕਣ ਤੋਂ ਬਾਅਦ ਪਿਛਲੇ 12 ਦਿਨਾਂ 'ਚ 4 ਵੱਡੇ ਅੱਤਵਾਦੀ ਹਮਲੇ ਹੋਏ ਹਨ। ਜਿਸ ਵਿੱਚ ਸੈਨਿਕਾਂ ਸਮੇਤ 12 ਲੋਕਾਂ ਦੀ ਜਾਨ ਚਲੀ ਗਈ ਸੀ।