ਮਿਜੋਰਮ : ਮਿਜ਼ੋਰਮ ਦੇ ਹੰਥਿਆਲ ਜ਼ਿਲ੍ਹੇ ਵਿੱਚ ਇੱਕ ਪੱਥਰ ਦੀ ਖੱਡ ਢਹਿ ਗਈ ਸੀ। ਹਾਦਸੇ ਵਿੱਚ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਅੱਜ ਮੰਗਲਵਾਰ ਸਵੇਰੇ ਬੀਐਸਐਫ ਦੀ ਟੀਮ ਨੇ 8 ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਇਹ ਘਟਨਾ 14 ਨਵੰਬਰ ਦੀ ਦੁਪਹਿਰ ਕਰੀਬ 3 ਵਜੇ ਮੌੜ ਇਲਾਕੇ 'ਚ ਵਾਪਰੀ। ਬਚਾਅ ਟੀਮਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਸਾਰੇ ਮਜ਼ਦੂਰ ਬਿਹਾਰ ਦੇ ਦੱਸੇ ਗਏ ਹਨ।ਐਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਏਬੀਸੀਆਈਐਲ ਇੰਫਰਾਸਟਰੱਕਚਰ ਪ੍ਰਾਈਵੇਟ ਲਿਮਟਿਡ ਦੇ 13 ਕਰਮਚਾਰੀ ਖਾਨ ਵਿੱਚ ਕੰਮ ਕਰ ਰਹੇ ਸਨ। ਇੱਕ ਮਜ਼ਦੂਰ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ, ਪਰ 12 ਮਜ਼ਦੂਰ ਫਸ ਗਏ ਸਨ।ਐਸਪੀ ਨੇ ਦੱਸਿਆ ਕਿ ਕੱਲ੍ਹ ਸ਼ਾਮ 7.30 ਵਜੇ ਤੱਕ ਕਿਸੇ ਵੀ ਮਜ਼ਦੂਰ ਨੂੰ ਕੱਢਣ ਵਿੱਚ ਸਫ਼ਲਤਾ ਨਹੀਂ ਮਿਲੀ ਸੀ।ਇਹ ਖਾਨ ਪਿਛਲੇ ਢਾਈ ਸਾਲਾਂ ਤੋਂ ਚਾਲੂ ਹੈ। ਸੂਤਰਾਂ ਮੁਤਾਬਕ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਵਾਪਸ ਪਰਤੇ ਹੀ ਸਨ ਕਿ ਖੱਡ ਡਿੱਗ ਗਈ ਅਤੇ ਉਹ ਹੇਠਾਂ ਫਸ ਗਏ ਸਨ। ਮਜ਼ਦੂਰਾਂ ਦੇ ਨਾਲ-ਨਾਲ 5 ਖੁਦਾਈ ਮਸ਼ੀਨਾਂ ਅਤੇ ਕਈ ਡਰਿਲਿੰਗ ਮਸ਼ੀਨਾਂ ਵੀ ਖਾਨ ਵਿੱਚ ਦੱਬ ਗਈਆਂ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਸੀਮਾ ਸੁਰੱਖਿਆ ਬਲ ਅਤੇ ਅਸਾਮ ਰਾਈਫਲਜ਼ ਬਚਾਅ ਕਾਰਜ 'ਚ ਲੱਗੇ ਹੋਏ ਹਨ। ਨੇੜਲੇ ਲੀਤੇ ਪਿੰਡ ਅਤੇ ਹੰਥਿਆਲ ਕਸਬੇ ਦੇ ਲੋਕ ਬਚਾਅ ਕਾਰਜ ਵਿੱਚ ਮਦਦ ਕਰ ਰਹੇ ਹਨ।