ਫਰੀਦਾਬਾਦ, 18 ਅਕਤੂਬਰ 2024 : ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਭਾਂਕੜੀ ਵਿੱਚ ਬੀਤੀ ਰਾਤ ਹੋਏ ਗੈਸ ਸਿਲੰਡਰ ਧਮਾਕੇ ਵਿੱਚ ਦਾਦਾ, ਦਾਦੀ ਅਤੇ ਪੋਤੇ ਦੀ ਦਰਦਨਾਕ ਮੌਤ ਹੋ ਗਈ। ਮਕਾਨ ਡਿੱਗਣ ਕਾਰਨ ਹੇਠਾਂ ਬੰਨ੍ਹੀ ਮੱਝ ਦੀ ਵੀ ਮਲਬੇ ਹੇਠ ਦੱਬ ਕੇ ਮੌਤ ਹੋ ਗਈ। 14 ਸਾਲਾ ਪੋਤੇ ਕੁਨਾਲ ਦਾ ਅੱਜ ਜਨਮ ਦਿਨ ਸੀ। ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਫਟਣ ਕਾਰਨ ਘਰ ਦੀ ਛੱਤ ਡਿੱਗ ਗਈ। ਹੇਠਾਂ ਸੌਂ ਰਹੇ ਦਾਦਾ-ਦਾਦੀ, ਉਨ੍ਹਾਂ ਦੇ 14 ਸਾਲ ਦੇ ਪੋਤੇ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਫੈਲ ਗਈ। ਇਸ ਦੌਰਾਨ ਸਾਰੇ ਪਿੰਡ ਵਾਸੀ ਘਟਨਾ ਵਾਲੀ ਥਾਂ ਵੱਲ ਭੱਜੇ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਮਲਬਾ ਹਟਾਇਆ ਅਤੇ ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਤਿੰਨਾਂ ਦੀਆਂ ਲਾਸ਼ਾਂ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਧਮਾਕੇ ਕਾਰਨ ਗੁਆਂਢੀ ਦੇ ਘਰ ਦੀ ਕੰਧ ਵੀ ਡਿੱਗ ਗਈ, ਜਿਸ ਕਾਰਨ 3 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ