ਨਵੀਂ ਦਿੱਲੀ, 26 ਅਕਤੂਬਰ : ਕਤਰ ਦੀ ਇੱਕ ਅਦਾਲਤ ਨੇ 8 ਸਾਬਕਾ ਭਾਰਤੀ ਨੇਵੀ ਅਫ਼ਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰੇ ਭਾਰਤੀਆਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ। ਭਾਰਤ ਸਰਕਾਰ ਨੇ ਅਦਾਲਤ ਦੇ ਫ਼ੈਸਲੇ 'ਤੇ ਹੈਰਾਨੀ ਪ੍ਰਗਟਾਈ ਹੈ। ਇਸ ਮਾਮਲੇ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਵਿਸਤ੍ਰਿਤ ਫੈਸਲੇ ਦੀ ਉਡੀਕ ਕਰ ਰਹੇ ਹਾਂ। ਭਾਰਤ ਸਰਕਾਰ ਨੇ ਕਿਹਾ ਕਿ ਅਸੀਂ ਅਦਾਲਤ ਦੇ ਫ਼ੈਸਲੇ ਤੋਂ ਡੂੰਘੇ ਸਦਮੇ ਵਿੱਚ ਹਾਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਇਸ ਸਬੰਧ ਵਿੱਚ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ। ਹਾਲਾਂਕਿ, ਨਾ ਤਾਂ ਭਾਰਤ ਅਤੇ ਨਾ ਹੀ ਕਤਰ ਦੀ ਸਰਕਾਰ ਨੇ ਅਧਿਕਾਰਤ ਤੌਰ 'ਤੇ ਇਹ ਦੱਸਿਆ ਹੈ ਕਿ ਅੱਠ ਲੋਕਾਂ 'ਤੇ ਕਿਹੜੇ ਦੋਸ਼ ਲੱਗੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਕੋਲ ਸ਼ੁਰੂਆਤੀ ਜਾਣਕਾਰੀ ਹੈ ਕਿ ਕਤਰ ਦੀ ਅਦਾਲਤ ਨੇ ਅੱਜ ਅਲ ਦਹਰਾ ਕੰਪਨੀ ਦੇ ਅੱਠ ਭਾਰਤੀ ਕਰਮਚਾਰੀਆਂ ਦੇ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ। ਮੰਤਰਾਲੇ ਨੇ ਕਿਹਾ ਕਿ ਅਸੀਂ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਸੰਪਰਕ ਵਿੱਚ ਹਾਂ ਅਤੇ ਸਾਰੇ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਹੇ ਹਾਂ।