ਨਵੀਂ ਦਿੱਲੀ, 24 ਮਾਰਚ : ਵਾਇਨਾਡ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇੱਕ ਪਾਸੇ ਬੀਜੇਪੀ ਇਸ ਦਾ ਬਚਾਅ ਕਰਦੀ ਦਿਸ ਰਹੀ ਹੈ, ਦੂਜੇ ਪਾਸੇ ਕਾਂਗਰਸ ਲਗਾਤਾਰ ਹਮਲੇ ‘ਤੇ ਹਮਲੇ ਕਰ ਰਹੀ ਹੈ। ਇਸੇ ਲੜੀ ਵਿੱਚ ਕਾਂਗਰਸ ਜਨਰਲ ਸਕਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਲੁੱਟ ਤੇ ਸਵਾਲ ਉਠਾਇਆ ਤਾਂ ਭੜਕ ਗਏ । ਪ੍ਰਿਯੰਕਾ ਨੇ ਕਿਹਾ ਕਿ ਤੁਹਾਡੇ ਚੱਮਚਿਆਂ ਨੇ ਇੱਕ ਸਹੀਦ ਪ੍ਰਧਾਨ ਮੰਤਰੀ ਦੇ ਪੁੱਤਰ ਨੂੰ ਦੇਸ਼ਦ੍ਰੋਹੀ, ਮੀਰ ਜਾਫਰ ਕਿਹਾ। ਤੁਹਾਡੇ ਇੱਕ ਮੁੱਖ ਮੰਤਰੀ ਨੇ ਸਵਾਲ ਉਠਾਇਆ ਕਿ ਰਾਹੁਲ ਦੇ ਪਿਤਾ ਕੌਣ ਨੇ? ਨੀਰਵ ਮੋਦੀ ਤੇ ਮੇਹੁਲ ਚੋਕਸੀ ‘ਤੇ ਸਵਾਲ ਉਠਾਇਆ… ਕੀ ਤੁਹਾਡਾ ਦੋਸਤ ਗੌਤਮ ਅਡਾਨੀ ਦੇਸ਼ ਦੀ ਸੰਸਦ ਤੇ ਭਾਰਤ ਦੀ ਮਹਾਨ ਜਨਤਾ ਤੋਂ ਵੱਡਾ ਹੋ ਗਿਆ ਹੈ ਕਿ ਉਸ ਦੀ ਲੁੱਟ ‘ਤੇ ਸਵਾਲ ਉਠਿਆ ਤਾਂ ਤੁਸੀਂ ਬੌਖਲਾ ਗਏ? ਪੀ.ਐੱਮ. ਮੋਦੀ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਰਿਵਾਜ ਨਿਭਾਉਂਦੇ ਹੋਏ ਇੱਕ ਪੁੱਤ ਪਿਤਾ ਦੀ ਮੌਤ ਤੋਂ ਬਾਅਦ ਪੱਗ ਬੰਨ੍ਹਦਾ ਏ, ਭਰੀ ਸੰਸਦ ਵਿੱਚ ਆਪਣੇ ਪੂਰੇ ਪਰਿਵਾਰ ਤੇ ਕਸ਼ਮੀਰੀ ਪੰਡਤ ਸਮਾਜ ਦਾ ਅਪਮਾਨ ਕਰਦੇ ਹੋਏ ਪੁੱਛਿਆ ਕਿ ਨਹਿਰੂ ਨਾਂ ਕਿਉਂ ਨਹੀਂ ਰਖਦੇ… ਪਰ ਤੁਹਾਨੂੰ ਕਿਸੇ ਜੱਜ ਨੇ ਦੋ ਸਾਲ ਦੀ ਸਜ਼ਾ ਨਹੀਂ ਦਿੱਤੀ। ਤੁਹਾਨੂੰ ਸੰਸਦ ਤੋਂ ਡਿਸਕੁਆਲੀਫਾਈ ਨਹੀਂ ਕੀਤਾ। ਰਾਹੁਲ ਜੀ ਨੇ ਇੱਕ ਸੱਚੇ ਦੇਸ਼ਭਗਤ ਵਾਂਗ ਅਡਾਨੀ ਦੀ ਲੁੱਟ ਦਾ ਸਵਾਲ ਉਠਾਇਆ ਤਾਂ ਬੌਖਲਾ ਗਏ।” ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਮੇਰੇ ਪਰਿਵਾਰ ਨੂੰ ਪਰਿਵਾਰਵਾਦੀ ਕਹਿੰਦੇ ਹੋ, ਜਾਣ ਲਓ, ਇਸ ਪਰਿਵਾਰ ਨੇ ਭਾਰਤ ਦੇ ਲੋਕਤੰਤਰ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ, ਜਿਸ ਨੂੰ ਤੁਸੀਂ ਖਤਮ ਕਰਨ ਵਿੱਚ ਲੱਗੇ ਹੋ। ਇਸ ਪਰਿਵਾਰ ਨੇ ਭਾਰਤ ਦੀ ਜਨਤਾ ਦੀ ਆਵਾਜ਼ ਬੁਲੰਦ ਕੀਤੀ ਤੇ ਪੁਸ਼ਤਾਂ ਤੋਂ ਸੱਚਾਈ ਦੀ ਲੜਾਈ ਲੜੀ। ਸਾਡੀਆਂ ਰਗ਼ਾਂ ‘ਚ ਜੋ ਖੂਨ ਦੌੜਦਾ ਹੈ, ਉਸ ਦੀ ਇੱਕ ਖਾਸੀਅਤ ਏ, ਤੁਹਾਡੇ ਵਰਗੇ ਕਾਇਰ, ਸੱਤਾਲੋਭੀ ਤਨਾਸ਼ਾਹ ਦੇ ਸਾਹਮਣੇ ਕਦੇ ਨਹੀਂ ਝੁਕਿਆ ਤੇ ਨਾ ਕਦੇ ਝੁਕੇਗਾ, ਤੁਸੀਂ ਕੁਝ ਵੀ ਕਰ ਲਓ।