ਜੈਪੁਰ, 10 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੁੱਝ ਲੋਕ ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਉਹ ਕੁੱਝ ਵੀ ਚੰਗਾ ਹੁੰਦਾ ਨਹੀਂ ਦੇਖਣਾ ਚਾਹੁੰਦੇ ਅਤੇ ਹਰ ਚੀਜ਼ ਨੂੰ ਵੋਟਾਂ ਦੇ ਸਹਾਰੇ ਤੋਲਦੇ ਹਨ । ਉਹ ਕਦੇ ਵੀ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਯੋਜਨਾ ਨਹੀਂ ਬਣਾ ਪਾਉਂਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸੂਬੇ ਦੇ ਵਿਕਾਸ ਰਾਹੀਂ ਦੇਸ਼ ਦੇ ਵਿਕਾਸ ਦੇ ਮੰਤਰ ਵਿਚ ਵਿਸ਼ਵਾਸ ਰੱਖਦੀ ਹੈ। ਪ੍ਰਧਾਨ ਮੰਤਰੀ ਰਾਜਸਮੰਦ ਦੇ ਨਾਥਦੁਆਰਾ ਵਿਖੇ ਵੱਖ-ਵੱਖ ਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਕਿਸੇ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ, ''ਸਾਡੇ ਦੇਸ਼ 'ਚ ਕੁੱਝ ਲੋਕ ਅਜਿਹੀ ਵਿਗੜੀ ਹੋਈ ਵਿਚਾਰਧਾਰਾ ਦਾ ਸ਼ਿਕਾਰ ਹੋ ਗਏ ਹਨ, ਇੰਨੀ ਨਕਾਰਾਤਮਕਤਾ ਨਾਲ ਭਰੇ ਹੋਏ ਹਨ ਕਿ ਉਹ ਦੇਸ਼ 'ਚ ਕੁੱਝ ਚੰਗਾ ਹੁੰਦਾ ਦੇਖਣਾ ਨਹੀਂ ਚਾਹੁੰਦੇ ਅਤੇ ਉਹ ਸਿਰਫ਼ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ।' ਮੋਦੀ ਨੇ ਕਿਹਾ, “ਤੁਸੀ ਜ਼ਰੂਰ ਕੁੱਝ ਸੁਣਿਆ ਹੋਵੇਗਾ, ਜਿਵੇਂ ਕਿ ਕੁੱਝ ਲੋਕ ਪ੍ਰਚਾਰ ਕਰਦੇ ਹਨ ਕਿ ਆਟਾ ਪਹਿਲਾਂ ਜਾਂ ਡੇਟਾ ਪਹਿਲਾਂ, ਸੜਕ ਪਹਿਲਾਂ ਜਾਂ ਸੈਟੇਲਾਈਟ ਪਹਿਲਾਂ…. ਪਰ ਇਤਿਹਾਸ ਗਵਾਹ ਹੈ ਕਿ ਟਿਕਾਊ ਵਿਕਾਸ ਲਈ, ਤੇਜ਼ ਵਿਕਾਸ ਲਈ, ਬੁਨਿਆਦੀ ਪ੍ਰਬੰਧਾਂ ਦੇ ਨਾਲ-ਨਾਲ ਆਧੁਨਿਕ ਬੁਨਿਆਦੀ ਢਾਂਚਾ ਬਣਾਉਣਾ ਜ਼ਰੂਰੀ ਹੁੰਦਾ ਹੈ”। ਉਨ੍ਹਾਂ ਕਿਹਾ ਕਿ ਜੋ ਲੋਕ ਪੈਰ-ਪੈਰ ’ਤੇ ਹਰ ਚੀਜ਼ ਵੋਟ ਦੇ ਤਰਾਜੂ ਨਾਲ ਤੋਲਦੇ ਹਨ, ਉਹ ਕਦੀ ਦੇਸ਼ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਯੋਜਨਾ ਨਹੀਂ ਬਣਾ ਪਾਉਂਦੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡੇ ਦੇਸ਼ ਵਿਚ ਇਸ ਸੋਚ ਕਾਰਨ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਪਹਿਲ ਨਹੀਂ ਦਿਤੀ ਗਈ। ਇਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਜੇਕਰ ਪਹਿਲਾਂ ਲੋੜੀਂਦੀ ਗਿਣਤੀ ਵਿਚ ਮੈਡੀਕਲ ਕਾਲਜ ਬਣਾਏ ਗਏ ਹੁੰਦੇ ਤਾਂ ਦੇਸ਼ ਵਿਚ ਡਾਕਟਰਾਂ ਦੀ ਇੰਨੀ ਕਮੀ ਨਾ ਹੁੰਦੀ”।