ਏਜੰਸੀ, ਨਵੀਂ ਦਿੱਲੀ : ਭਾਰਤ ਨੇ ਰੂਸ ਨੂੰ ਯੂਕਰੇਨ ਵਿੱਚ ਚੱਲ ਰਹੇ ਯੁੱਧ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਿਆ ਹੈ। ਭਾਰਤ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਨਾਰਵੇਈ ਨੋਬਲ ਕਮੇਟੀ ਦੇ ਉਪ ਨੇਤਾ ਆਸਲ ਟੋਜੇ ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ਵ ਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਜਿਹੇ ਹੋਰ ਦਖਲ ਦੀ ਲੋੜ ਹੈ। ਟੋਜੇ ਨੇ ਕਿਹਾ ਕਿ ਭਾਰਤ ਦਾ ਦਖ਼ਲ ਰੂਸ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਤੀਜਿਆਂ ਬਾਰੇ ਯਾਦ ਦਿਵਾਉਣ ਵਿਚ ਬਹੁਤ ਮਦਦਗਾਰ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਉੱਚੀ ਆਵਾਜ਼ ਵਿੱਚ ਨਹੀਂ ਬੋਲਿਆ, ਕਿਸੇ ਨੂੰ ਧਮਕੀ ਨਹੀਂ ਦਿੱਤੀ। ਉਸ ਨੇ ਸਿਰਫ਼ ਦੋਸਤਾਨਾ ਢੰਗ ਨਾਲ ਆਪਣੀ ਸਥਿਤੀ ਦੱਸੀ। ਸਾਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇਸਦੀ ਜ਼ਿਆਦਾ ਲੋੜ ਹੈ। ਨੋਬਲ ਕਮੇਟੀ ਦੇ ਆਗੂ ਨੇ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਵਿੱਚ ਪਾਏ ਯੋਗਦਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ। ਆਸਲ ਤੋਜੇ ਨੇ ਭਾਰਤ ਨੂੰ ਸ਼ਾਂਤੀ ਦੀ ਵਿਰਾਸਤ ਦੱਸਦਿਆਂ ਕਿਹਾ ਕਿ ਭਾਰਤ ਇੱਕ ਮਹਾਂਸ਼ਕਤੀ ਬਣਨਾ ਤੈਅ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪੀਐਮ ਮੋਦੀ ਯੁੱਧ ਨੂੰ ਰੋਕਣ ਲਈ ਸਭ ਤੋਂ ਭਰੋਸੇਮੰਦ ਨੇਤਾ ਹਨ ਅਤੇ ਉਹ ਨਿਸ਼ਚਤ ਤੌਰ 'ਤੇ ਵਿਸ਼ਵ ਵਿਚ ਸ਼ਾਂਤੀ ਸਥਾਪਤ ਕਰ ਸਕਦੇ ਹਨ। ਟੋਜੇ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੋਦੀ ਨਾ ਸਿਰਫ ਭਾਰਤ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਹੇ ਹਨ, ਸਗੋਂ ਉਨ੍ਹਾਂ ਮੁੱਦਿਆਂ 'ਤੇ ਵੀ ਕੰਮ ਕਰ ਰਹੇ ਹਨ ਜੋ ਵਿਸ਼ਵ ਵਿਚ ਸ਼ਾਂਤੀ ਲਈ ਮਹੱਤਵਪੂਰਨ ਹਨ। ਦੁਨੀਆ ਨੂੰ ਭਾਰਤ ਤੋਂ ਸਿੱਖਣ ਦੀ ਲੋੜ ਹੈ। ਇਹ ਤੈਅ ਹੈ ਕਿ ਭਾਰਤ ਇੱਕ ਮਹਾਂਸ਼ਕਤੀ ਬਣ ਜਾਵੇਗਾ।