ਨਵੀਂ ਦਿੱਲੀ, 27 ਜੂਨ 2024 : ਭਾਰਤ ’ਚ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ 26 ਜੂਨ ਤੋਂ ਨਵਾਂ ‘ਟੈਲੀਕਮਿਊਨੀਕੇਸ਼ਨ ਐਕਟ 2023’ ਲਾਗੂ ਹੋ ਗਿਆ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਦੂਰਸੰਚਾਰ ਖੇਤਰ ‘ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਹੁਣ ਭਾਰਤੀ ਆਪਣੀ ਪੂਰੀ ਜ਼ਿੰਦਗੀ ‘ਚ ਵੱਧ ਤੋਂ ਵੱਧ 9 ਸਿਮ ਕਾਰਡ ਲੈ ਸਕਣਗੇ। ਹੁਣ ਜਾਅਲੀ ਸਿਮ ਕਾਰਡ ਖਰੀਦਣ ‘ਤੇ 3 ਸਾਲ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਇਹ ਨਵਾਂ ਕਾਨੂੰਨ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਸਰਕਾਰ ਨੂੰ ਕਿਸੇ ਵੀ ਦੂਰਸੰਚਾਰ ਸੇਵਾ ਜਾਂ ਨੈੱਟਵਰਕ ਨੂੰ ਆਪਣੇ ਕਬਜ਼ੇ ਵਿਚ ਲੈਣ, ਪ੍ਰਬੰਧਨ ਜਾਂ ਮੁਅੱਤਲ ਕਰਨ ਦੀ ਇਜਾਜ਼ਤ ਦਿੰਦਾ ਹੈ। ਨਵੀਂ ਦੂਰਸੰਚਾਰ ਪ੍ਰਣਾਲੀ ਲਾਗੂ ਹੋਣ ਨਾਲ ਹੁਣ ਇਹ ਨਿਯਮ ਲਾਗੂ ਹੋ ਗਿਆ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ 9 ਤੋਂ ਵੱਧ ਸਿਮ ਕਾਰਡ ਨਹੀਂ ਰੱਖ ਸਕੇਗਾ। ਨਾਲ ਹੀ, ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਦੇ ਲੋਕ ਵੱਧ ਤੋਂ ਵੱਧ 6 ਸਿਮ ਕਾਰਡ ਹੀ ਲੈ ਸਕਣਗੇ। ਇਸ ਤੋਂ ਜ਼ਿਆਦਾ ਸਿਮ ਖਰੀਦਣ ‘ਤੇ ਯੂਜ਼ਰਸ ਨੂੰ ਪਹਿਲੀ ਵਾਰ 50,000 ਰੁਪਏ ਅਤੇ ਦੂਜੀ ਵਾਰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਜਾਅਲੀ ਸਿਮ ਖਰੀਦਣ ‘ਤੇ 50 ਲੱਖ ਰੁਪਏ ਦਾ ਜੁਰਮਾਨਾ ਅਤੇ/ਜਾਂ 3 ਸਾਲ ਦੀ ਸਜ਼ਾ ਹੋਵੇਗੀ। ਨਵੇਂ ਕਾਨੂੰਨ ਤਹਿਤ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਕੰਪਨੀਆਂ ਨੂੰ ਸਾਮਾਨ ਅਤੇ ਸੇਵਾਵਾਂ ਲਈ ਇਸ਼ਤਿਹਾਰ ਅਤੇ ਪ੍ਰਚਾਰ ਸੰਦੇਸ਼ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲੈਣੀ ਪਵੇਗੀ। ਕਾਨੂੰਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੈਲੀਕਾਮ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਇੱਕ ਔਨਲਾਈਨ ਮਕੈਨਿਜ਼ਮ ਬਣਾਉਣਾ ਹੋਵੇਗਾ। ਜਿੱਥੇ ਯੂਜ਼ਰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਵਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਟੈਲੀਕਮਿਊਨੀਕੇਸ਼ਨ ਐਕਟ 2023 ਪਿਛਲੇ ਸਾਲ 20 ਦਸੰਬਰ ਨੂੰ ਲੋਕ ਸਭਾ ਤੇ 21 ਦਸੰਬਰ ਨੂੰ ਰਾਜ ਸਭਾ ਵਿਚ ਪਾਸ ਹੋਇਆ ਸੀ। ਉਸ ਦੇ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮਨਜ਼ੂਰੀ ਦੇ ਬਾਅਦ ਇਹ ਕਾਨੂੰਨ ਵਿਚ ਬਦਲ ਗਿਆ ਸੀ। ਇਸ ਕਾਨੂੰਨ ਵਿਚ ਕੁੱਲ 62 ਸੈਕਸ਼ਨ ਹਨ। ਹੁਣ ਇਸ ਵਿਚੋਂ ਸਿਰ 39 ਸੈਕਸ਼ਨ ਹੀ ਲਾਗੂ ਹੋ ਰਹੇ ਹਨ। ਇਹ ਕਾਨੂੰਨ 138 ਸਾਲ ਪੁਰਾਣੇ ਭਾਰਤੀ ਟੈਲੀਗ੍ਰਾਫ ਅਧਿਨਿਯਮ ਨੂੰ ਬਦਲੇਗਾ ਜੋ ਟੈਲੀਕਾਮ ਸੈਕਟਰ ਨੂੰ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਦਿ ਇੰਡੀਅਨ ਵਾਇਰਲੈੱਸ ਟੈਲੀਗ੍ਰਾਮ ਐਕਟ 1933 ਦੀ ਵੀ ਇਹ ਬਿਲ ਜਗ੍ਹਾ ਲਵੇਗਾ। ਇਹ TRAI ਐਕਟ 1997 ਨੂੰ ਵੀ ਸੋਧੇਗਾ। ਬਿੱਲ ਵਿਚ ਟੈਲੀਕਾਮ ਸਪੈਕਟਰਮ ਦੇ ਐਡਮਿਨੀਸਟ੍ਰੇਟਿਵ ਏਲਾਕੇਸ਼ਨ ਦੀ ਵਿਵਸਥਾ ਹੈ, ਜਿਸ ਨਾਲ ਸਰਵਿਸਿਜ਼ ਦੀ ਸ਼ੁਰੂਆਤ ਵਿਚ ਤੇਜ਼ੀ ਆਏਗੀ। ਨਵੇਂ ਬਿੱਲ ਨਾਲ ਅਮਰੀਕੀ ਬਿਜ਼ਨੈੱਸਮੈਨ ਐਲੋਨ ਮਸਕ ਦੀ ਸਟਾਰਲਿੰਕ ਵਰਗੀਆਂ ਵਿਦੇਸ਼ੀ ਕੰਪਨੀਆਂ ਨੂੰ ਫ਼ਾਇਦਾ ਹੋਵੇਗਾ। ਦੂਜੇ ਪਾਸੇ ਜੀਓ ਨੂੰ ਵੀ ਇਸ ਨਾਲ ਨੁਕਸਾਨ ਹੋ ਸਕਦਾ ਹੈ।