ਕੋਚੀ : ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ (ਐਨਸੀਐਸਸੀ) ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕੋਚੀਨ ਪੋਰਟ ਅਥਾਰਟੀ ਅਤੇ ਕੋਚੀਨ ਸ਼ਿਪਯਾਰਡ ਲਿਮਟਿਡ ਦੇ ਸੀਐਮਡੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀਆਂ ਦੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਚੀ ਦੀ ਉਨ੍ਹਾਂ ਦੀ ਦੋ ਦਿਨਾਂ ਯਾਤਰਾ ਦੇਰ ਰਾਤ ਸਮਾਪਤ ਮਗਰੋਂ ਐਨਸੀਐਸਸੀ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਬਿਆਨ ਜਾਰੀ ਕੀਤਾ। ਸਾਂਪਲਾ ਦੇ ਨਾਲ ਐਨਸੀਐਸਸੀ ਦੇ ਉਪ ਚੇਅਰਮੈਨ ਅਰੁਣ ਹਲਦਰ, ਮੈਂਬਰ ਸੁਭਾਸ਼ ਰਾਮਨਾਥ ਪਰਧਿਆਨ, ਮੈਂਬਰ ਡਾ.ਅੰਜੂ ਬਾਲਾ ਅਤੇ ਐਨਸੀਐਸਸੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਆਪਣੀ ਫੇਰੀ ਦੇ ਪਹਿਲੇ ਦਿਨ, ਸਾਂਪਲਾ ਨੇ ਅਨੁਸੂਚਿਤ ਜਾਤੀਆਂ ਵੈਲਫੇਅਰ ਐਸੋਸੀਏਸ਼ਨ, ਕੋਚੀਨ ਪੋਰਟ ਅਥਾਰਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਆਈਏਐਸ ਡਾ. ਐਮ. ਬੀਨਾ, ਚੇਅਰਪਰਸਨ ਦੀ ਅਗਵਾਈ ਵਿੱਚ ਬੰਦਰਗਾਹ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਦੂਜੇ ਦਿਨ ਸਾਂਪਲਾ ਨੇ ਐੱਸ.ਸੀ. ਵੈਲਫੇਅਰ ਐਸੋਸੀਏਸ਼ਨ ਕੋਚੀਨ ਸ਼ਿਪਯਾਰਡ ਲਿਮਟਿਡ ਕੋਚੀ ਦੇ ਅਹੁਦੇਦਾਰਾਂ ਨਾਲ ਲੰਬੀ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਸ ਤੋਂ ਬਾਅਦ ਸ਼ਿਪਯਾਰਡ ਦੇ ਸੀ.ਐਮ.ਡੀ. ਮਧੂ.ਐਸ. ਨਾਇਰ ਅਤੇ ਉਨ੍ਹਾਂ ਦੀ ਸੀਨੀਅਰ ਅਧਿਕਾਰੀਆਂ ਦੀ ਟੀਮ ਨਾਲ ਵਿਸਤ੍ਰਿਤ ਸਮੀਖਿਆ ਮੀਟਿੰਗ ਕੀਤੀ।ਕੋਚੀਨ ਪੋਰਟ ਅਥਾਰਟੀ ਅਤੇ ਕੋਚੀਨ ਸ਼ਿਪਯਾਰਡ ਲਿਮਟਿਡ ਦੇ ਪ੍ਰਬੰਧਨ ਨਾਲ ਸਮੀਖਿਆ ਦੌਰਾਨ, ਸਾਂਪਲਾ ਨੇ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਨਿਰਦੇਸ਼ ਦੇ ਨਾਲ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਜਲਦੀ ਹੀ ਇੱਕ ਹੋਰ ਉੱਚ ਪੱਧਰੀ ਸਮੀਖਿਆ ਮੀਟਿੰਗ ਕਰਕੇ ਉਨ੍ਹਾਂ ਦੀਆਂ ਹਦਾਇਤਾਂ ਨੂੰ ਸਹੀ ਢੰਗ ਨਾਲ ਲਾਗੂ ਕੀਤੇ ਜਾਨ ਦੀ ਪੁਸ਼ਟੀ ਕਰਨਗੇ।