ਪਾਕਿਸਤਾਨ : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ, 28 ਅਕਤੂਬਰ ਨੂੰ ਹਕੀਕੀ ਅਜ਼ਾਦੀ ਮਾਰਚ ਦੀ ਸ਼ੁਰੂਆਤ ਕੀਤੀ। ਮਾਰਚ ਦਾ ਮਕਸਦ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਦਾ ਤਖਤਾ ਪਲਟਣਾ ਹੈ। ਇਹ ਮਾਰਚ ਲਾਹੌਰ ਤੋਂ ਸ਼ੁਰੂ ਹੋਇਆ ਹੈ ਜੋ ਇਸਲਾਮਾਬਾਦ ਤੱਕ ਜਾਵੇਗਾ। ਇਮਰਾਨ ਖ਼ਾਨ ਦਾ ਇਹ ਆਜ਼ਾਦੀ ਮਾਰਚ ਰਾਜਧਾਨੀ ਇਸਲਾਮਾਬਾਦ ਵੱਲ ਵਧ ਰਿਹਾ ਹੈ। ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਮਾਰਚ ਰਾਤ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ 'ਤੇ ਰੁਕਿਆ ਅਤੇ ਅੱਜ ਸਵੇਰੇ ਇੱਥੋਂ ਇਹ ਮਾਰਚ ਅੱਗੇ ਵਧੇਗਾ। ਪੀਟੀਆਈ ਮੁਖੀ ਇਮਰਾਨ ਖ਼ਾਨ ਇਸ ਮਾਰਚ ਦੇ ਨਾਲ 4 ਨਵੰਬਰ ਤੱਕ ਇਸਲਾਮਾਬਾਦ ਪਹੁੰਚਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਹਕੀਕੀ ਅਜ਼ਾਦੀ ਮਾਰਚ ਸ਼ੁਰੂ ਹੋਣ ਤੋਂ ਬਾਅਦ ਇਮਰਾਨ ਨੇ ਆਈਐਸਆਈ 'ਤੇ ਆਪਣੇ ਵਰਕਰਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਇਸ ਮਾਰਚ ਦੌਰਾਨ ਸੰਬੋਧਨ ਕਰਦੇ ਹੋਏ ਇਮਰਾਨ ਨੇ ਦੇਸ਼ ਦੀ ਖੁਫੀਆ ਏਜੰਸੀ ਆਈਐਸਆਈ ਦੇ ਕੰਮਕਾਜ ਦੀ ਵੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਆਈਐਸਆਈ ਮੁਖੀ ਅਤੇ ਫੌਜ ਦੇ ਬੁਲਾਰੇ ਦੀ ਪ੍ਰੈਸ ਕਾਨਫਰੰਸ ਸਿਆਸੀ ਸੀ। ਇਮਰਾਨ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਮਰਾਨ ਨੇ ਨਾ ਸਿਰਫ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਤਾਰੀਫ ਕੀਤੀ ਸਗੋਂ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਦੇ ਫ਼ੈਸਲੇ ਨੂੰ ਵੀ ਜਾਇਜ਼ ਠਹਿਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਹ ਨਵਾਜ਼ ਸ਼ਰੀਫ ਵਾਂਗ ਦੇਸ਼ ਨਹੀਂ ਛੱਡਣਗੇ। ਇਮਰਾਨ ਨੇ ਕਿਹਾ, ਮੇਰੀ ਜ਼ਿੰਦਗੀ ਵੀ ਇਸ ਧਰਤੀ 'ਤੇ ਹੋਵੇਗੀ ਅਤੇ ਮੇਰੀ ਮੌਤ ਵੀ ਇਸ ਧਰਤੀ 'ਤੇ ਹੋਵੇਗੀ। ਮੈਂ ਉਸ ਪਾਕਿਸਤਾਨ ਨੂੰ ਦੇਖਣਾ ਚਾਹੁੰਦਾ ਹਾਂ ਜੋ ਆਜ਼ਾਦ ਦੇਸ਼ ਹੈ। ਇਸਦੇ ਲਈ ਤੁਹਾਨੂੰ ਇੱਕ ਮਜ਼ਬੂਤ ਫੌਜ ਦੀ ਲੋੜ ਹੈ। ਜੇ ਤੁਹਾਡੀ ਫੌਜ ਕਮਜ਼ੋਰ ਹੈ ਤਾਂ ਦੇਸ਼ ਦੀ ਆਜ਼ਾਦੀ ਖੁੱਸ ਜਾਂਦੀ ਹੈ। ਅਸੀਂ ਆਪਣੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਇਸ ਦੇ ਨਾਲ ਹੀ ਇਮਰਾਨ ਖ਼ਾਨ ਨੂੰ ਪਾਕਿਸਤਾਨ ਦੀ ਤਾਕਤਵਰ ਫੌਜ ਅਤੇ ਖੁਫੀਆ ਏਜੰਸੀ ਆਈਐਸਆਈ ਨੇ ਇੱਕ ਦਿਨ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। ਇਸ ਦੌਰਾਨ ਪਾਕਿਸਤਾਨੀ ਮੀਡੀਆ ਇਮਰਾਨ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਿਹਾ ਹੈ।