ਕਸਰੋਡ, 29 ਅਕਤੂਬਰ 2024 : ਕੇਰਲ ਦੇ ਕਸਰੋਡ ਜ਼ਿਲ੍ਹੇ ਵਿੱਚ ਨੀਲੇਸ਼ਵਰਮ ਨੇੜੇ ਇੱਕ ਮੰਦਰ ਵਿੱਚ ਆਤਿਸ਼ਬਾਜ਼ੀ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਅੱਠ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਨੂੰ ਕਾਸਰਗੋਡ, ਕੰਨੂਰ ਅਤੇ ਮੰਗਲੁਰੂ ਦੇ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ ਹੈ। ਸਥਾਨਕ ਲੋਕਾਂ ਮੁਤਾਬਿਕ ਪਟਾਕਿਆਂ ਤੋਂ ਨਿਕਲਣ ਵਾਲੀ ਚੰਗਿਆੜੀ ਪਟਾਕਿਆਂ ਦੇ ਢੇਰ ਤੱਕ ਪਹੁੰਚ ਗਈ, ਜਿਸ ਕਾਰਨ ਖਤਰਨਾਕ ਢੰਗ ਨਾਲ ਆਤਿਸ਼ਬਾਜ਼ੀਆਂ ਚਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਲੋਕਾਂ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਘਟਨਾ ਸਥਾਨ 'ਤੇ ਹਾਹਾਕਾਰ ਮੱਚ ਗਈ। ਜ਼ਖਮੀਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਕਲੈਕਟਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਨੀਲੇਸ਼ਵਰਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੰਦਰ ਦੇ ਸੀਨੀਅਰ ਅਧਿਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਬਿਨ੍ਹਾਂ ਇਜਾਜ਼ਤ ਦੇ ਕੀਤਾ ਗਿਆ ਸੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਮੰਦਰ ਪ੍ਰਬੰਧਨ ਦੇ ਇੱਕ ਸਾਬਕਾ ਅਧਿਕਾਰੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਚੇਰੂਵਥੁਰ ਅਤੇ ਕਿੰਨਨੂਰ ਸਮੇਤ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕ ਤਿਉਹਾਰ ਲਈ ਇਕੱਠੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇੱਥੇ ਆਮ ਤੌਰ 'ਤੇ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਨਹੀਂ ਕੀਤੀ ਜਾਂਦੀ ਅਤੇ ਇਹ ਘਟਨਾ ਇਕ ਅਣਕਿਆਸੀ ਦੁਖਾਂਤ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਦੂਰੀ 'ਤੇ ਖੜ੍ਹੇ ਲੋਕ ਪਹਿਲਾਂ ਤਾਂ ਧਮਾਕੇ ਦੀ ਤੀਬਰਤਾ ਤੋਂ ਅਣਜਾਣ ਸਨ ਪਰ ਬਾਅਦ ਵਿਚ ਜਦੋਂ ਧਮਾਕਾ ਹੋਇਆ ਤਾਂ ਸਾਰੇ ਡਰ ਗਏ। ਹਾਦਸੇ ਤੋਂ ਬਾਅਦ ਦੋ ਦਿਨ ਚੱਲਣ ਵਾਲੇ ਤਿਉਹਾਰ ਦੇ ਬਾਕੀ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ। ਘਟਨਾ ਦੇ ਸਬੰਧ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਪਟਾਕੇ ਬਿਨਾਂ ਇਜਾਜ਼ਤ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਸਾੜੇ ਗਏ ਸਨ। ਮੰਦਰ ਦੇ ਪ੍ਰਧਾਨ ਅਤੇ ਸਕੱਤਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਫਆਈਆਰ ਬੀਐਨਐਸ ਦੀ ਧਾਰਾ 288,125 (ਏ), 125 (ਬੀ), 3 (5) ਅਤੇ ਵਿਸਫੋਟਕ ਪਦਾਰਥ ਐਕਟ, 1908 ਦੀ 3 (ਏ), 6 ਦੇ ਤਹਿਤ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਪਟਾਕਿਆਂ ਨੂੰ ਲੈ ਕੇ ਕੋਈ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਗਈ। ਜ਼ਿਲ੍ਹਾ ਕੁਲੈਕਟਰ ਕੇ. ਇਮਬਾਸ਼ੇਖਰ, ਜ਼ਿਲ੍ਹਾ ਪੁਲਿਸ ਮੁਖੀ ਡੀ.ਸ਼ਿਲਪਾ ਅਤੇ ਕੰਨੂਰ ਦੇ ਡੀਆਈਜੀ ਰਾਜਪਾਲ ਮੀਨਾ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ।
ਚੌਕਸੀ ਦੀ ਘਾਟ ਕਾਰਨ ਇਹ ਹਾਦਸਾ ਵਾਪਰਿਆ : ਚੰਦਰਸ਼ੇਖਰਨ
ਸਥਾਨਕ ਵਿਧਾਇਕ ਈ ਚੰਦਰਸ਼ੇਖਰਨ ਨੇ ਕਿਹਾ ਕਿ ਚੌਕਸੀ ਦੀ ਘਾਟ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਤਾਂ ਇਸ ਹਾਦਸੇ ਤੋਂ ਬਚਿਆ ਜਾ ਸਕਦਾ ਸੀ। ਸੀਪੀਆਈਐਮ ਦੇ ਜ਼ਿਲ੍ਹਾ ਸਕੱਤਰ ਐਮ.ਵੀ. ਬਾਲਾਕ੍ਰਿਸ਼ਨਨ ਨੇ ਲਾਪਰਵਾਹੀ ਕਾਰਨ ਵਾਪਰੇ ਹਾਦਸੇ ਨੂੰ ‘ਸੱਦਾ ਦਿੱਤੀ ਤਬਾਹੀ’ ਦੱਸਿਆ। ਉਨ੍ਹਾਂ ਕਿਹਾ ਕਿ ਪਟਾਕਿਆਂ ਨੂੰ ਪੇਸ਼ੇਵਰਾਂ ਦੁਆਰਾ ਸੰਭਾਲਿਆ ਨਹੀਂ ਗਿਆ ਅਤੇ ਇਸ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ। ਜ਼ਿਲ੍ਹਾ ਪੰਚਾਇਤ ਪ੍ਰਧਾਨ ਬੇਬੀ ਬਾਲਕ੍ਰਿਸ਼ਨਨ ਨੇ ਹਾਦਸੇ ਲਈ ਲਾਪਰਵਾਹੀ ਅਤੇ ਭੀੜ-ਭੜੱਕੇ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸੰਕੇਤ ਦਿੱਤਾ ਕਿ ਮੰਦਰ ਕਮੇਟੀ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਔਰਤਾਂ ਅਤੇ ਬੱਚੇ ਪਟਾਕੇ ਸਟੋਰ ਦੇ ਕੋਲ ਪ੍ਰਦਰਸ਼ਨ ਨੂੰ ਦੇਖ ਰਹੇ ਸਨ, ਜਦੋਂ ਪਟਾਕੇ ਦੀ ਚੰਗਿਆੜੀ ਉਸੇ ਥਾਂ 'ਤੇ ਡਿੱਗ ਗਈ।