ਮੇਰਠ, 17 ਅਕਤੂਬਰ : ਲੋਹੀਆਂ ਨਗਰ ਥਾਣਾ ਖੇਤਰ 'ਚ ਸੱਤਿਆਕਾਮ ਸਕੂਲ ਦੇ ਸਾਹਮਣੇ ਘਰ ਅੰਦਰ ਹੀ ਸਾਬਣ ਦੀ ਫੈਕਟਰੀ ਚੱਲ ਰਹੀ ਸੀ। ਇਹ ਸਾਬਣ ਫੈਕਟਰੀ ਮੈਡੀਕਲ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਨਿਵਾਸੀ ਆਲੋਕ ਗੁਪਤਾ ਅਤੇ ਗੌਰਵ ਗੁਪਤਾ ਦੀ ਹੈ। ਸੰਜੇ ਗੁਪਤਾ ਦਾ ਘਰ ਕਿਰਾਏ 'ਤੇ ਲੈ ਕੇ ਫੈਕਟਰੀ ਚਲਾਈ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਮੰਗਲਵਾਰ ਸਵੇਰੇ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਅੰਦਰ ਮੌਜੂਦ ਮਜ਼ਦੂਰ ਮਲਬੇ ਹੇਠਾਂ ਦੱਬ ਗਏ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਐੱਸਐੱਸਪੀ ਅਤੇ ਡੀਐੱਮ ਸਮੇਤ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। NDRF ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ। ਇਸ ਦੌਰਾਨ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ। ਅਚਾਨਕ ਇਕ ਵਾਰ ਫਿਰ ਧਮਾਕਾ ਹੋਇਆ। ਇਸ ਤੋਂ ਬਾਅਦ ਘਰ ਦਾ ਮਲਬਾ ਕਰੀਬ 25 ਫੁੱਟ ਦੀ ਦੂਰੀ ਤੱਕ ਖਿੱਲਰ ਗਿਆ। ਮੌਕੇ 'ਤੇ ਮੌਜੂਦ ਕਈ ਲੋਕਾਂ ਦੇ ਸਿਰ 'ਤੇ ਇੱਟਾਂ ਦੇ ਟੁਕੜੇ ਲੱਗੇ। ਇਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਘਟਨਾ ਵਾਲੀ ਥਾਂ ਤੋਂ ਕਰੀਬ 50 ਮੀਟਰ ਦੂਰ ਭੇਜ ਦਿੱਤਾ। ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਹੁਣ ਤੱਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸਾਬਣ ਫੈਕਟਰੀ ਦਾ ਬਾਇਲਰ ਫਟਿਆ ਹੈ ਜਾਂ ਸਾਬਣ ਵਿਚ ਵਰਤੇ ਗਏ ਕਿਸੇ ਕੈਮੀਕਲ ਕਾਰਨ ਧਮਾਕਾ ਹੋਇਆ ਹੈ। ਇਹ ਪਟਾਕਿਆਂ ਤਾਂ ਨਹੀਂ ਲੱਗ ਕਿਹਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।