- ਪ੍ਰਧਾਨ ਮੰਤਰੀ ਮੋਦੀ ਨੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰਾਂ ਦਾ ਪੁੱਛਿਆ ਹਾਲ-ਚਾਲ
ਉੱਤਰਕਾਸ਼ੀ, 29 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਸਾਰੇ 41 ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਮੰਗਲਵਾਰ ਨੂੰ ਵਰਕਰਾਂ ਨਾਲ ਘੰਟਿਆਂਬੱਧੀ ਫੋਨ 'ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਵਰਕਰਾਂ ਨੂੰ ਵਧਾਈ ਦਿੱਤੀ ਕਿ 17 ਦਿਨਾਂ ਬਾਅਦ ਸਾਰੇ 41 ਵਰਕਰ ਸੁਰੱਖਿਅਤ ਸੁਰੰਗ ਤੋਂ ਬਾਹਰ ਆ ਸਕੇ। ਪੀਐਮ ਮੋਦੀ ਨੇ ਸੁਰੰਗ 'ਚ ਫਸੇ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਸ਼ਬਾ ਅਹਿਮਦ ਤੇ ਗੱਭਰ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ। ਗੱਲਬਾਤ ਦੀ ਸ਼ੁਰੂਆਤ 'ਚ ਪੀਐੱਮ ਮੋਦੀ ਨੇ ਕਿਹਾ ਕਿ ਇਹ ਕੇਦਾਰਨਾਥ ਬਾਬਾ ਤੇ ਭਗਵਾਨ ਬਦਰੀਨਾਥ ਦਾ ਆਸ਼ੀਰਵਾਦ ਸੀ ਕਿ ਸਾਰੇ ਵਰਕਰ ਸੁਰੰਗ 'ਚੋਂ ਸੁਰੱਖਿਅਤ ਬਾਹਰ ਆ ਸਕੇ। ਤੁਸੀਂ ਲੋਕਾਂ (ਮਜ਼ਦੂਰਾਂ) ਨੇ ਸੁਰੰਗ 'ਚ ਇੱਕ ਦੂਜੇ ਦਾ ਮਨੋਬਲ ਬਣਾਈ ਰੱਖਿਆ। ਇਹ ਬਹੁਤ ਵੱਡੀ ਗੱਲ ਹੈ। ਸ਼ਬਾ ਅਹਿਮਦ ਨੇ ਸੁਰੰਗ 'ਚ ਬਿਤਾਏ 17 ਦਿਨਾਂ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਪੀਐਮ ਮੋਦੀ ਨੂੰ ਕਿਹਾ, "ਸਰ, ਅਸੀਂ ਲਗਪਗ 18 ਦਿਨਾਂ ਤਕ ਸੁਰੰਗ 'ਚ ਫਸੇ ਰਹੇ, ਪਰ ਕਦੇ ਘਬਰਾਏ ਨਹੀਂ। ਅਸੀਂ ਸੁਰੰਗ ਵਿੱਚ 41 ਲੋਕ ਫਸੇ ਹੋਏ ਸੀ। ਸ਼ਬਾ ਨੇ ਅੱਗੇ ਦੱਸਿਆ ਕਿ ਜਦੋਂ ਖਾਣਾ ਮਿਲਦਾ ਸੀ ਤਾਂ ਅਸੀਂ ਸਾਰੇ ਇਸ ਨੂੰ ਵੰਡ ਕੇ ਖਾਂਦੇ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਲੋਕ ਪੈਦਲ ਹੀ ਸੈਰ ਕਰਦੇ ਸਨ। ਇਹ ਸੁਰੰਗ 2.5 ਕਿਲੋਮੀਟਰ ਲੰਬੀ ਸੀ। ਇਸ ਦੇ ਨਾਲ ਹੀ ਅਸੀਂ ਸਾਰੇ ਮਜ਼ਦੂਰ ਸਵੇਰੇ ਯੋਗਾ ਕਰਦੇ ਸੀ। ਉਨ੍ਹਾਂ ਅੱਗੇ ਕਿਹਾ, 'ਮੈਂ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀਕੇ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਦੋਵੇਂ ਹਮੇਸ਼ਾ ਵਰਕਰਾਂ ਦੇ ਸੰਪਰਕ ਵਿੱਚ ਰਹੇ। ਉਹ ਲਗਾਤਾਰ ਸਾਡਾ ਹਾਲ-ਚਾਲ ਪੁੱਛਦੇ ਰਹੇ। ਜਦੋਂ ਅਸੀਂ ਸੁਰੰਗ ਤੋਂ ਬਾਹਰ ਆਏ ਤਾਂ ਧਾਮੀ ਸਾਹਿਬ ਨੇ ਸਾਨੂੰ ਜੱਫੀ ਪਾ ਲਈ।' ਇਸ 'ਤੇ ਪੀਐਮ ਮੋਦੀ ਨੇ ਕਿਹਾ, 'ਹਾਂ, ਵੀਕੇ ਸਾਹਬ ਵੀ ਪੂਰਾ ਦਿਨ ਉਥੇ ਰਹੇ ਤੇ ਇਕ ਜਨਰਲ ਵਾਂਗ ਪੂਰੇ ਅਨੁਸ਼ਾਸਨ ਨਾਲ ਫੌਜ ਦੇ ਜਵਾਨ ਦੀ ਤਰ੍ਹਾਂ ਉਥੇ ਮੌਜੂਦ ਸਨ।' ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ.ਪੀਕੇ ਮਿਸ਼ਰਾ ਤੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਿਲਕਿਆਰਾ ਪਹੁੰਚ ਸੁਰੰਗ 'ਚ ਚੱਲ ਰਹੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਕੇਂਦਰ ਤੇ ਰਾਜ ਦੇ ਤਾਲਮੇਲ ਦਾ ਹੀ ਨਤੀਜਾ ਸੀ ਕਿ ਸ਼ੁਰੂਆਤੀ ਦੌਰ 'ਚ ਦੇਸ਼ ਦੀਆਂ ਨਾਮੀ ਏਜੰਸੀਆਂ ਦੇ ਮਾਹਿਰਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਨਾਲ ਹੀ, ਨਾਰਵੇ ਤੇ ਥਾਈਲੈਂਡ ਦੇ ਮਾਹਿਰਾਂ ਦੀ ਮਦਦ ਲਈ ਗਈ ਤੇ ਦੇਸ਼ ਭਰ ਵਿਚ ਵੱਡੇ ਸੁਰੰਗ ਨਿਰਮਾਣ ਪ੍ਰੋਜੈਕਟਾਂ ਦੇ ਤਜਰਬੇ ਸਾਂਝੇ ਕੀਤੇ ਗਏ। ਇਸ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਗਈ। ਬਚਾਅ ਦੌਰਾਨ ਪੀਐਮ ਮੋਦੀ ਕਿੰਨੇ ਚਿੰਤਤ ਸਨ, ਇਹ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਅੱਠ ਵਾਰ ਫੋਨ ਕਰ ਕੇ ਅਪਡੇਟ ਲਿਆ। ਨਾਲ ਹੀ ਜ਼ਰੂਰੀ ਹਦਾਇਤਾਂ ਦਿੰਦੇ ਰਹੇ।