ਆਗਰਾ, 11 ਮਈ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਆਗਰਾ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ‘ਚ 3 ਬੱਚਿਆਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਆਗਰਾ ਦੇ ਡੌਕੀ ਇਲਾਕੇ ‘ਚ ਸਵੇਰ ਸਮੇਂ ਸਕੂਲ ਬੱਸ ਦੀ ਉਡੀਕ ਕਰ ਰਹੇ ਖੜ੍ਹੇ ਬੱਚਿਆਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾਂ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਫਤਿਹਾਬਾਦ-ਆਗਰਾ ਰੋਡ ਨੂੰ ਜਾਮ ਕਰਕੇ ਰੋਸ ਪ੍ਰਗਟ ਕੀਤਾ।ਪੁਲਿਸ ਪ੍ਰਸ਼ਾਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਬੱਚੇ ਡੌਕੀ ਦੇ ਪਿੰਡ ਬਾਸ ਮਹਾਪਤ ਵਿੱਚ ਸੜਕ ਕਿਨਾਰੇ ਖੜ੍ਹੇ ਸਕੂਲ ਬੱਸ ਦੀ ਉਡੀਕ ਕਰ ਰਹੇ ਸਨ, ਕਿ ਫਤਿਹਾਬਾਦ ਵੱਲੋਂ ਆਈ ਇੱਕ ਤੇਜ਼ ਰਫਤਾਰ ਕਾਰ ਨੇ 6 ਬੱਚਿਆਂ ਨੁੰ ਆਪਣੀ ਲਪੇਟ ਵਿੱਚ ਲੈ ਲਿਆ, ਕੁੱਝ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ, ਜਿੰਨ੍ਹਾਂ ਨੇ ਆਪਣੇ ਘਰਾਂ ;ਚ ਜਾ ਕੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ, ਜਿਸ ਤੋਂ ਬਾਅਦ ਪਿੰਡ ਵਾਸੀ ਇੱਕਠੇ ਹੋ ਕੇ ਆਏ ਅਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਸੌਰਭ ਸਿੰਘ ਏਸੀਪੀ ਫਤਿਹਾਬਾਦ ਨੇ ਦੱਸਿਆ ਕਿ ਇਹ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ।