ਤਿਰਵੁਨੰਤਪੁਰਮ, 30 ਜੁਲਾਈ 2024 : ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਕੇਰਲ ਦੇ ਮੰਗਲਵਾਰ ਤੜਕੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ 84 ਲੋਕਾਂ ਦੀ ਮੌਤ ਤੇ 100 ਤੋਂ ਜ਼ਿਆਦਾ ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਰਲ ਦੇ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਤੇ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਯਕੀਨੀ ਬਣਾਉਣ ਅਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਾਇਮ ਕਰਨ ਤੇ ਇਕ ਕੰਟਰੋਲ ਰੂਮ ਸਥਾਪਿਤ ਕਰਨ ਦੀ ਅਪੀਲ ਕੀਤੀ। ਵਾਇਨਾਡ ਦੇ ਜ਼ਿਲ੍ਹਾ ਮੈਜਿਸਟਰੇਟ ਮੇਘਾਸ਼੍ਰੀ ਡੀਆਰ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ 'ਚ ਆਫ਼ਤ ਰਾਹਤ ਕਾਰਜ ਜਾਰੀ ਹੈ ਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (NDRF), ਫਾਇਰ ਵਿਭਾਗ, ਪੁਲਿਸ ਅਤੇ ਜੰਗਲਾਤ, ਮਾਲ ਅਤੇ ਸਥਾਨਕ ਸਵੈ-ਸ਼ਾਸਨ ਵਿਭਾਗ ਬਚਾਅ ਮੁਹਿੰਮ 'ਚ ਸਾਮਲ ਹਨ। ਮੇਘਾਸ਼੍ਰੀ ਮੁਤਾਬਕ ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਵਾਲੰਟੀਅਰ ਅਤੇ ਸਥਾਨਕ ਨਿਵਾਸੀ ਵੀ ਬਚਾਅ ਕਾਰਜ 'ਚ ਮਦਦ ਕਰ ਰਹੇ ਹਨ। NDRF ਦੇ ਡੀਜੀ ਪੀਯੂਸ਼ ਆਨੰਦ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਦੀ ਇੱਕ ਟੀਮ ਵਾਇਨਾਡ ਜ਼ਮੀਨ ਖਿਸਕਣ ਵਾਲੀ ਥਾਂ 'ਤੇ ਪਹੁੰਚ ਗਈ ਹੈ, ਤਿੰਨ ਹੋਰ ਟੀਮਾਂ ਰਸਤੇ 'ਚ ਹਨ। ਹੁਣ ਤਕ ਉਨ੍ਹਾਂ ਨੇ 74 ਲੋਕਾਂ ਨੂੰ ਬਾਹਰ ਕੱਢਿਆ ਹੈ, 16 ਲਾਸ਼ਾਂ ਬਰਾਮਦ ਕੀਤੀਆਂ ਹਨ ਤੇ ਇੱਕ ਵਿਅਕਤੀ ਨੂੰ ਜ਼ਿੰਦਾ ਬਚਾਇਆ ਹੈ। ਇਹ ਵਾਇਨਾਡ ਦੀ ਮੌਜੂਦਾ ਸਥਿਤੀ ਹੈ।
ਕੇਰਲ ਦੇ ਚਾਰ ਸੂਬਿਆਂ 'ਚ ਬਾਰਿਸ਼ ਦਾ ਰੈੱਡ ਅਲਰਟ
ਆਈਐਮਡੀ ਨੇ ਕੇਰਲ ਦੇ ਚਾਰ ਜ਼ਿਲ੍ਹਿਆਂ ਕੋਝੀਕੋਡ, ਮਲਪੁਰਮ, ਵਾਇਨਾਡ ਤੇ ਕਾਸਰਗੋਡ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਏਰਨਾਕੁਲਮ, ਇਡੁੱਕੀ, ਤ੍ਰਿਸੂਰ ਅਤੇ ਪਲੱਕੜ ਵਿੱਚ ਆਰੇਂਜ ਅਲਰਟ।
ਹੁਣ ਤਕ 101 ਲੋਕਾਂ ਦੀ ਜਾਨ ਬਚਾਈ : ਸਰਕਾਰ
ਕੇਰਲ ਦੇ ਮਾਲ ਮੰਤਰੀ ਕੇ ਰਾਜਨ ਦੇ ਦਫਤਰ ਨੇ ਦੱਸਿਆ ਕਿ ਐਨਡੀਆਰਐਫ, ਫਾਇਰ ਬ੍ਰਿਗੇਡ, ਪੁਲਿਸ ਅਤੇ ਮਾਲ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਹੁਣ ਤਕ ਕਰੀਬ 101 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਕਲਪੇਟਾ ਦੇ ਬਥੌਰੀ ਸੇਂਟ ਮੈਰੀਜ਼ ਐਸਕੇਐਮਜੇ ਸਕੂਲ ਵਿੱਚ ਇੱਕ ਆਸਰਾ ਕੈਂਪ ਲਗਾਇਆ ਗਿਆ ਹੈ। ਮੈਡੀਕਲ ਟੀਮਾਂ ਅਤੇ ਐਂਬੂਲੈਂਸ ਮੌਜੂਦ ਹਨ ਅਤੇ ਖਾਣੇ ਅਤੇ ਕੱਪੜਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਮਿੱਟੀ ਪੁੱਟਣ ਵਾਲੀਆਂ ਮਸ਼ੀਨਾਂ ਦੀ ਲੋੜ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਜ਼ਮੀਨ ਖਿਸਕਣ ਨਾਲ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਨਾਲ ਹੋਈਆਂ ਮੌਤਾਂ 'ਤੇ ਦੁੱਖ ਪ੍ਰਗਟਾਇਆ ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਹਾਦਸੇ 'ਚ ਮਾਰੇ ਗਏ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ।