ਅਲੀਰਾਜਪੁਰ, 01 ਜੁਲਾਈ 2024 : ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਦੇ ਪਿੰਡ ਰੋੜੀ ‘ਚ ਇੱਕ ਘਰ ਵਿੱਚੋਂ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਲਟਕਦੀਆਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਹੈ। ਇਸ ਘਟਨਾਂ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਕਤ ਘਰ ਵਿੱਚ ਸਵੇਰ ਸਮੇਂ ਰਿਸ਼ਤੇਦਾਰ ਪੁੱਜੇ ਤਾਂ ਉਨ੍ਹਾਂ ਨੂੰ ਲਾਸ਼ਾਂ ਲਟਕਦੀਆਂ ਦਿਖਾਈ ਦਿੱਤੀਆਂ, ਜਿੰਨ੍ਹਾਂ ਨੇ ਆਸ-ਪਾਸ ਦੇ ਲੋਕਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਐਫਐਸਐਲ ਟੀਮ ਨੂੰ ਵੀ ਬੁਲਾਇਆ ਗਿਆ।ਮ੍ਰਿਤਕਾਂ ਦੀ ਪਹਿਚਾਣ ਰਾਕੇਸ਼ ਸਿੰਘ, ਉਸਦੀ ਪਤਨੀ ਲਲਿਤਾ, ਬੇਟੀ ਲਕਸ਼ਮੀ, ਬੇਟੇ ਪ੍ਰਕਾਸ਼ ਅਤੇ ਅਕਸ਼ੈ ਵਜੋਂ ਹੋਈ ਹੈ। ਇਸ ਸਬੰਧੀ ਅਲੀਰਾਜਪੁਰ ਦੇ ਐਸਪੀ ਰਾਜੇਸ਼ ਵਿਆਸ ਨੇ ਦੱਸਿਆ ਕਿ ਉਕਤ ਘਟਨਾਂ ਬਾਰੇ ਪਰਿਵਾਰ ਦੇ ਗੁਆਂਢੀਆਂ ਅਤੇ ਨੇੜੇ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ, ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਤਲ ਅਤੇ ਖੁਦਕੁਸ਼ੀ ਦੋਵੇਂ ਪਹਿਲੂਆਂ ਦੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਕੇਸ਼ ਸਿੰਘ ਇੱਕ ਕਿਸਾਨ ਸੀ। ਮਰਨ ਵਾਲਿਆਂ ਵਿੱਚ 3 ਬੱਚੇ ਅਤੇ ਪਤੀ-ਪਤਨੀ ਹਨ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਮੰਡਲ ਦੇ ਪ੍ਰਧਾਨ ਜੈਪਾਲ ਸਿੰਘ ਨੇ ਕਤਲ ਦਾ ਖਦਸਾ ਜਤਾਉਂਦਿਆਂ ਕਿਹਾ ਕਿ ਰਾਕੇਸ਼ ਸਿੰਘ ਦਾ ਪਰਿਵਾਰ ਖੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦਾ, ਪੁਲਿਸ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।