- ਪੀਐੱਮ ਮੋਦੀ ਵੱਲੋਂ ਅੰਤਰਰਾਸ਼ਟਰੀ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ
ਨਵੀਂ ਦਿੱਲੀ, 18 ਮਈ : ਸਰਕਾਰ ਨੇ ਦੇਸ਼ ਦੀਆਂ ਇਤਿਹਾਸਕ ਵਸਤੂਆਂ ਅਤੇ ਵਿਰਾਸਤ ਨੂੰ ਸੰਭਾਲਣ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਤੋਂ ਬਾਅਦ ਇਸ ਦਿਸ਼ਾ ਵਿਚ ਲੋੜੀਂਦੇ ਯਤਨ ਨਹੀਂ ਕੀਤੇ ਗਏ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰਗਤੀ ਮੈਦਾਨ ਵਿਖੇ ਅੰਤਰਰਾਸ਼ਟਰੀ ਮਿਊਜ਼ੀਅਮ ਐਕਸਪੋ 2023 ਦਾ ਉਦਘਾਟਨ ਕਰਨ ਸਮੇਂ ਕੀਤਾ, ਉਨ੍ਹਾਂ ਨੇ ਪ੍ਰਾਚੀਨ ਭਾਰਤੀ ਕਲਾਕ੍ਰਿਤੀਆਂ ਦੀ 'ਤਸਕਰੀ ਅਤੇ ਨਿਕਾਸੀ' ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਵਿਸ਼ਵ 'ਚ ਭਾਰਤ ਦੇ ਵਧਦੇ ਵੱਕਾਰ ਦੇ ਵਿਚਕਾਰ ਹੁਣ ਵੱਖ-ਵੱਖ ਦੇਸ਼ਾਂ ਨੇ ਵਿਰਾਸਤੀ ਕਲਾਕ੍ਰਿਤੀਆਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਐੱਮ ਮੋਦੀ ਨੇ ਵਾਰਾਣਸੀ ਤੋਂ ਚੋਰੀ ਹੋਈ ਮਾਂ ਅੰਨਪੂਰਨਾ ਦੀ ਮੂਰਤੀ, ਗੁਜਰਾਤ ਤੋਂ ਮਹੀਸ਼ਾਸੁਰਾ ਮਾਰਦਿਨੀ ਦੀ ਮੂਰਤੀ, ਚੋਲ ਸਾਮਰਾਜ ਦੌਰਾਨ ਬਣਾਈਆਂ ਨਟਰਾਜ ਦੀਆਂ ਮੂਰਤੀਆਂ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਨਾਲ ਸੁਸ਼ੋਭਿਤ ਤਲਵਾਰ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਕਿਹਾ ਕਿ “ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਵੀ ਸਾਡੇ ਦੇਸ਼ ਵਿਚੋਂ ਬਹੁਤ ਸਾਰੀਆਂ ਕਲਾਵਾਂ ਨੂੰ ਅਨੈਤਿਕ ਤਰੀਕੇ ਨਾਲ ਬਾਹਰ ਕੱਢਿਆ ਗਿਆ ਹੈ। ਸਾਨੂੰ ਇਸ ਤਰ੍ਹਾਂ ਦੇ ਅਪਰਾਧ ਨੂੰ ਰੋਕਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।" ਉਨ੍ਹਾਂ ਕਿਹਾ ਕਿ "ਮੈਨੂੰ ਖੁਸ਼ੀ ਹੈ ਕਿ ਅੱਜ ਦੁਨੀਆ ਵਿਚ ਭਾਰਤ ਦੀ ਵਧਦੀ ਸਾਖ ਦੇ ਵਿਚਕਾਰ ਹੁਣ ਵੱਖ-ਵੱਖ ਦੇਸ਼ਾਂ ਨੇ ਭਾਰਤ ਨੂੰ ਆਪਣੀ ਵਿਰਾਸਤ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ।" ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਲਗਭਗ 240 ਪ੍ਰਾਚੀਨ ਵਸਤੂਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਕਈ ਦਹਾਕਿਆਂ ਤੱਕ ਇਹ ਗਿਣਤੀ 20 ਤੱਕ ਵੀ ਨਹੀਂ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਭਾਰਤ ਵਿਚੋਂ ਸੱਭਿਆਚਾਰਕ ਵਸਤੂਆਂ ਦੀ ਤਸਕਰੀ ਵਿਚ ਵੀ ਕਾਫ਼ੀ ਕਮੀ ਆਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਤਿਹਾਸਕ ਵਸਤੂਆਂ ਨੂੰ ਸੰਭਾਲਣ ਦੀ ਅਪੀਲ ਕਰਦਿਆਂ ਆਪਣੇ ਘਰਾਂ ਤੋਂ ਸ਼ੁਰੂਆਤ ਕਰਨ ਲਈ ਕਿਹਾ। ਪੀਐੱਮ ਮੋਦੀ ਨੇ ਕਿਹਾ, “ਭਾਰਤ ਵਿਚ ਹਰ ਪਰਿਵਾਰ ਆਪਣੇ ਘਰ ਵਿਚ ਆਪਣਾ ਇੱਕ ਪਰਿਵਾਰਕ ਅਜਾਇਬ ਘਰ ਕਿਉਂ ਨਹੀਂ ਬਣਾਉਂਦਾ? ਘਰ ਦੇ ਲੋਕਾਂ ਬਾਰੇ, ਉਸ ਦੇ ਆਪਣੇ ਪਰਿਵਾਰ ਬਾਰੇ ਜਾਣਕਾਰੀ…. ਇਸ 'ਚ ਘਰ ਦੇ ਬਜ਼ੁਰਗਾਂ ਦੀਆਂ ਪੁਰਾਣੀਆਂ ਅਤੇ ਕੁਝ ਖਾਸ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ “ਅੱਜ ਜੋ ਪੇਪਰ ਤੁਸੀਂ ਲਿਖਦੇ ਹੋ, ਉਹ ਤੁਹਾਨੂੰ ਆਮ ਲੱਗਦਾ ਹੈ। ਪਰ ਤੁਹਾਡੀ ਕਲਮ ਵਿਚ ਉਹੀ ਕਾਗਜ਼ ਦਾ ਟੁਕੜਾ, ਤਿੰਨ-ਚਾਰ ਪੀੜ੍ਹੀਆਂ ਬਾਅਦ ਇੱਕ ਭਾਵਨਾਤਮਕ ਸੰਪਤੀ ਬਣ ਜਾਵੇਗਾ। ਇਸੇ ਤਰ੍ਹਾਂ ਸਾਡੇ ਸਕੂਲਾਂ, ਸਾਡੀਆਂ ਵੱਖ-ਵੱਖ ਸੰਸਥਾਵਾਂ ਨੂੰ ਵੀ ਆਪਣੇ ਅਜਾਇਬ ਘਰ ਬਣਾਉਣੇ ਚਾਹੀਦੇ ਹਨ। ਦੇਖਦੇ ਹਾਂ, ਭਵਿੱਖ ਲਈ ਕਿੰਨੀ ਵੱਡੀ ਅਤੇ ਇਤਿਹਾਸਕ ਪੂੰਜੀ ਤਿਆਰ ਹੋਵੇਗੀ।