- ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਪ੍ਰਤੀ ਮੋਦੀ ਹਕੂਮਤ ਦੀ ਸ਼ਹਿ ਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਸਾਜ਼ਿਸ਼ਾਂ ਨੂੰ ਚਕਨਾਚੂਰ ਕਰੋ: ਇਨਕਲਾਬੀ ਕੇਂਦਰ
- ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਦਿੱਲੀ ਜੰਤਰ ਮੰਤਰ ਵੱਲ ਰੋਸ ਮਾਰਚ
ਨਵੀਂ ਦਿੱਲੀ, 22 ਮਈ : ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਅੱਜ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਦਿੱਲੀ ਜੰਤਰ ਮੰਤਰ ਵੱਲ ਜੋਸ਼ੀਲਾ ਇਨਕਲਾਬੀ ਮਾਰਚ ਕਰਕੇ ਬੱਝਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਸਮੇਂ ਜੰਤਰ ਮੰਤਰ ਦਿੱਲੀ ਵਿਖੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਕ ਛੇੜਛਾੜ ਦਾ ਸ਼ਿਕਾਰ ਪਹਿਲਵਾਨ ਖਿਡਾਰਨਾਂ ਦੇ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ ਨੂੰ 28 ਦਿਨ ਪੂਰੇ ਹੋ ਗਏ ਹਨ। ਇਹ ਸੰਘਰਸ਼ ਜਿਉਂ ਜਿਉਂ ਲੰਬਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਚੁਣੌਤੀਆਂ ਵੀ ਵਧ ਰਹੀਆਂ ਹਨ। ਇਨ੍ਹਾਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਪ੍ਰਾਪਤੀ ਵੀ ਹੈ ਕਿ ਆਖਰ ਉਲੰਪਿਕ ਐਸੋਸੀਏਸ਼ਨ ਨੂੰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਕੁਸ਼ਤੀ ਫੈਡਰੇਸ਼ਨ ਦੇ ਸਾਰੇ ਅਹੁਦਿਆਂ ਤੋਂ ਲਾਂਭੇ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਹ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਦੀ ਮੁੱਢਲੀ ਅਤੇ ਅਹਿਮ ਪ੍ਰਾਪਤੀ ਹੈ, ਪਰ ਇਸ ਦਾ ਦਾ ਮਤਲਬ ਇਹ ਨਹੀਂ ਕਿ ਅਸੀਂ ਸੰਘਰਸ਼ ਨੂੰ ਛੱਡ ਦੇਈਏ। ਆਗੂਆਂ ਕਿਹਾ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਹੋਰ ਵੱਧ ਧੜੱਲੇ ਨਾਲ ਅੱਗੇ ਵਧਣ ਦੀ ਲੋੜ ਹੈ। ਮੋਦੀ ਸਰਕਾਰ ਦੀ ਸ਼ਹਿ ਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨਵੀਆਂ ਤੋਂ ਨਵੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਕਦੇ 15 ਰੁ. ਦਾ ਮੈਡਲ ਪਰਖਦਾ ਹੈ, ਕਦੇ ਆਪਣੇ ਪੱਖ ਵਿੱਚ ਵੱਡੇ ਵੱਡੇ ਇਕੱਠ ਕਰਕੇ ਆਪਣੇ ਕੁਕਰਮਾਂ ਉੱਤੇ ਪਰਦਾ ਪਾਉਣ ਦਾ ਯਤਨ ਕਰ ਰਿਹਾ ਹੈ । ਇਨਸਾਫ਼ ਹਾਸਲ ਕਰਨ ਲਈ ਚੱਲ ਰਿਹਾ ਸੰਘਰਸ਼ ਇਨ੍ਹਾਂ ਵੱਡੀਆਂ ਮੁਸ਼ਕਿਲਾਂ ਦੇ ਬਾਵਜੂਦ ਲੋਕ ਸੰਘਰਸ਼ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਸਮਾਜ ਦਾ ਹਰ ਤਬਕਾ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਦੀ ਦਿਲੋਂ ਹਮਾਇਤ ਕਰ ਰਿਹਾ ਹੈ। ਜਿਸ ਜੁਅਰੱਤ ਨਾਲ ਪਹਿਲਵਾਨ ਖਿਡਾਰਨਾਂ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਹਨ, ਇਨ੍ਹਾਂ ਦੇ ਸੂਹੇ ਕਦਮਾਂ ਨੂੰ ਸਲਾਮ ਆਖਣਾ ਬਣਦਾ ਹੈ। ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਬਰ ਲਗਾਤਾਰ ਵਧ ਰਿਹਾ ਹੈ। ਔਰਤਾਂ ਦੀ ਜ਼ਬਰ ਜ਼ੁਲਮ ਤੋਂ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਨਾਲ ਜੁੜੀ ਹੋਈ ਹੈ। ਪਹਿਲਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦੇ ਨਾਲ-ਨਾਲ ਇਸ ਨੂੰ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਦਿਸ਼ਾ ਵਿੱਚ ਯਤਨ ਜੁਟਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਆਗੂਆਂ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਨੂੰ ਵੱਧ ਤੋਂ ਵੱਧ ਮਿਹਨਤਕਸ਼ ਹਿੱਸਿਆਂ ਤੱਕ ਲੈ ਕੇ ਗਿਆ ਹੈ। ਦਹਿ ਹਜ਼ਾਰਾਂ ਦਸਖ਼ਤ ਹਾਸਲ ਕਰਨ ਤੋਂ ਬਾਅਦ ਅੱਜ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਦਿੱਲੀ ਜੰਤਰ ਮੰਤਰ ਵੱਲ ਜੋਸ਼ੀਲਾ ਇਨਕਲਾਬੀ ਮਾਰਚ ਕਰਕੇ ਬੱਝਵੀਂ ਸ਼ਮੂਲੀਅਤ ਕੀਤੀ ਗਈ ਹੈ। ਦਸਖਤੀ ਮੁਹਿੰਮ ਸੰਘਰਸ਼ ਦੀ ਅਗਵਾਈ ਕਰਨ ਪਹਿਲਵਾਨ ਖਿਡਾਰਨਾਂ ਦੀ ਆਗੂ ਟੀਮ ਨੂੰ ਸੌਂਪੀ ਗਈ ਅਤੇ ਪ੍ਰਦਰਸ਼ਤ ਕੀਤੀ ਗਈ। ਇਹ ਪ੍ਰਦਰਸ਼ਨੀ ਜੰਤਰ ਮੰਤਰ ਦਿੱਲੀ ਵਿਖੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਦਸਖ਼ਤ ਮੁਹਿੰਮ ਅਤੇ ਸੰਘਰਸ਼ ਦੀ ਮੁਹਿੰਮ ਦੀਆਂ ਫੋਟੋਆਂ ਦੀਆਂ ਫਲੈਕਸਾਂ ਲੈਕੇ ਕਾਫ਼ਲਾ ਪਹਿਲਵਾਨ ਖਿਡਾਰਨਾਂ ਦੇ ਪੰਡਾਲ ਵਿੱਚ ਸ਼ਾਮਲ ਹੋਏ ਕਾਫ਼ਲੇ ਨੇ ਵੱਖਰਾ ਜੋਸ਼ ਭਰ ਦਿੱਤਾ। ਇਨਕਲਾਬੀ ਕੇਂਦਰ ਦੇ ਆਗੂਆਂ ਜਗਜੀਤ ਸਿੰਘ ਲਹਿਰਾ ਮੁਹੱਬਤ,ਡਾ ਰਜਿੰਦਰ, ਸੁਰਿੰਦਰ ਸਿੰਘ, ਹਰਜਿੰਦਰ ਕੌਰ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਸਹਿਯੋਗ ਜਾਰੀ ਰੱਖਣ ਦਾ ਵਿਸ਼ਵਾਸ ਦਿਵਾਇਆ।