ਭੁਵਨੇਸਵਰ, 06 ਮਾਰਚ : ਉੜੀਸਾ ਦੇ ਜਿਲ੍ਹਾ ਖੁਰਦਾ ‘ਚ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਦੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂ ਕਿ ਚਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਪਿੰਡ ਭੁਸੰਦਪੁਰ ਨੇੜੇ ਵਾਪਰੀ ਇਹ ਘਟਨਾਂ ਉਸ ਸਮੇਂ ਵਾਪਰੀ ਜਦੋਂ ਡੋਲਾ ਤਿਉਹਾਰ ਹੋਣ ਕਰਕੇ ਪਟਾਕੇ ਬਣਾਏ ਜਾ ਰਹੇ ਸਨ, ਡੋਲਾ ਤਿਉਹਾਰ ਹੋਲੀ ਮੌਕੇ ਮਨਾਇਆ ਜਾਂਦਾ ਹੈ। ਇਸ ਸਬੰਧੀ ਖੁਰਦਾ ਦੇ ਕੂਲੈਕਟਰ ਕੇ. ਸੁਦਰਸ਼ਨ ਚੱਕਰਵਰਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 11 ਵਜੇ ਇਹ ਘਟਨਾਂ ਵਾਪਰਨ ਦੀ ਸੂਚਨਾਂ ਮਿਲੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਪਹੁੰਚੇ ਅਤੇ ਚਾਰ ਜਖ਼ਮੀਆਂ ਨੂੰ ਬਚਾਇਆ ਗਿਆ ਤੇ ਇਲਾਜ ਲਈ ਜਿਲ੍ਹਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਕੁਲੈਕਟਰ ਚੱਕਰਵਰਤੀ ਨੇ ਕਿਹਾ, ਪਟਾਕਿਆਂ ਦੀ ਫੈਕਟਰੀ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇਸ ਲਈ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਅਸੀਂ ਘਟਨਾ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਸਿਰਫ਼ ਇੱਕ ਦੀ ਸ਼ਨਾਖਤ ਹੋ ਸਕੀ ਹੈ ਜਦਕਿ ਬਾਕੀਆਂ ਦੀ ਸ਼ਨਾਖ਼ਤ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਖੁਰਦਾ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸ ਗਏ ਦੋ ਜ਼ਖਮੀਆਂ ਨੂੰ ਏਮਜ਼ ਭੁਵਨੇਸ਼ਵਰ ਰੈਫਰ ਕੀਤਾ ਗਿਆ ਹੈ।