ਜੰਮੂ, 14 ਅਗਸਤ 2024 : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਮੁਕੰਮਲ ਖਾਤਮੇ ਲਈ ਸੁਰੱਖਿਆ ਕਰਮੀਆਂ ਵੱਲੋਂ ਪਹਾੜਾਂ, ਘਾਟੀਆਂ ਅਤੇ ਕਈ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੇਰ ਸ਼ਾਮ ਨੂੰ ਪਟਨੀਟੋਪ ਪਹਾੜੀਆਂ ਨੇੜੇ ਅਸਾਰ ਦੇ ਜੰਗਲਾਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤਲਾਸ਼ੀ ਮੁਹਿੰਮ ਚਲਾਈ। ਦੇਰ ਰਾਤ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਵੀ ਹੋਈ। ਅੱਜ ਸਵੇਰੇ ਭਾਰਤੀ ਫੌਜ ਤੇ ਜੰਮੂ-ਕਸ਼ਮੀਰ ਪੁਲਿਸ ਨੇ ਡੋਡਾ ਦੇ ਅਸਾਰ ਇਲਾਕੇ ਵਿਚ ਮੁੜ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਅੱਤਵਾਦੀਆਂ ਦਾ ਸਾਹਮਣਾ ਕੀਤਾ। ਸਵੇਰ ਤੋਂ ਹੀ ਸੁਰੱਖਿਆ ਬਲ ਅੱਤਵਾਦੀਆਂ ਦੀ ਭਾਲ 'ਚ ਲੱਗੇ ਹੋਏ ਹਨ। ਬੁੱਧਵਾਰ ਸਵੇਰੇ ਫੌਜ ਨੇ ਇਕ ਅੱਤਵਾਦੀ ਨੂੰ ਜ਼ਖਮੀ ਕਰ ਦਿੱਤਾ ਸੀ। ਤਲਾਸ਼ੀ ਅਜੇ ਜਾਰੀ ਸੀ, ਓਪਰੇਸ਼ਨ ਦੌਰਾਨ ਮੁਕਾਬਲੇ ਵਿਚ ਫੌਜੀ ਅਧਿਕਾਰੀ (ਕੈਪਟਨ) ਵੀ ਜ਼ਖਮੀ ਹੋ ਗਿਆ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਗੌਲਬਾਰੀ ਦੌਰਾਨ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਵੀ ਮਿਲੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੈਪਟਨ ਦੀਪਕ ਨੇ ਸਾਹਮਣੇ ਤੋਂ ਆਪਰੇਸ਼ਨ ਦੀ ਅਗਵਾਈ ਕੀਤੀ ਅਤੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਣੇ ਸਾਥੀਆਂ ਨੂੰ ਨਿਰਦੇਸ਼ ਦਿੰਦੇ ਰਹੇ। ਹਾਲਾਂਕਿ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਗੋਲੀ ਲੱਗ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਕੈਪਟਨ ਨੇ ਗੰਭੀਰ ਜ਼ਖਮੀ ਹੋ ਕੇ ਦਮ ਤੋੜ ਦਿੱਤਾ ਅਤੇ ਦੇਸ਼ ਲਈ ਸਰਵਉੱਚ ਕੁਰਬਾਨੀ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੈਪਟਨ ਦੀਪਕ ਸਾਹਮਣੇ ਤੋਂ ਅਗਵਾਈ ਕਰ ਰਿਹਾ ਸੀ ਅਤੇ ਜਦੋਂ ਤਲਾਸ਼ੀ ਮੁਹਿੰਮ ਸ਼ੁਰੂ ਹੋਈ ਤਾਂ ਸਕਾਊਟਸ ਦੇ ਪਿੱਛੇ ਤੀਜਾ ਵਿਅਕਤੀ ਸੀ, ਉਸ ਨੇ ਬੀਤੀ ਰਾਤ ਅਤੇ ਅੱਜ ਸਵੇਰੇ ਵੀ ਅੱਤਵਾਦੀ ਸਮੂਹ 'ਤੇ ਗੋਲੀਬਾਰੀ ਕੀਤੀ। ਗੋਲੀ ਲੱਗਣ ਨਾਲ ਜ਼ਖਮੀ ਹੋਣ ਦੇ ਬਾਵਜੂਦ ਦੀਪਕ ਜਿੰਨਾ ਚਿਰ ਹੋ ਸਕਿਆ ਆਪਣੇ ਸਾਥੀਆਂ ਨੂੰ ਹਦਾਇਤਾਂ ਦਿੰਦਾ ਰਿਹਾ ਪਰ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।