ਨਵੀਂ ਦਿੱਲੀ, 22 ਮਾਰਚ : ਰਾਜਧਾਨੀ ਦਿੱਲੀ 'ਚ ਬੁੱਧਵਾਰ ਸ਼ਾਮ ਕਰੀਬ 4.42 ਵਜੇ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ 'ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦੇਈਏ ਕਿ ਮੰਗਲਵਾਰ ਰਾਤ 10.17 ਮਿੰਟ 'ਤੇ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੰਗਲਵਾਰ ਨੂੰ ਆਏ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ।
ਮੰਗਲਵਾਰ ਨੂੰ 6.6 ਤੀਬਰਤਾ ਦਾ ਭੂਚਾਲ ਆਇਆ
ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ 6.6 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਫੈਜ਼ਾਬਾਦ ਤੋਂ 133 ਕਿਲੋਮੀਟਰ ਦੱਖਣ-ਪੂਰਬ ਵਿਚ ਹਿੰਦੂ ਕੁਸ਼ ਖੇਤਰ ਵਿਚ ਸੀ। ਭੂਚਾਲ ਦਾ ਕੇਂਦਰ 156 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭਾਰਤ ਤੋਂ ਇਲਾਵਾ ਤੁਰਕਮੇਨਿਸਤਾਨ, ਕਜ਼ਾਕਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਚੀਨ, ਅਫਗਾਨਿਸਤਾਨ ਅਤੇ ਕਿਰਗਿਸਤਾਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿੱਚ, ਦਿੱਲੀ-ਐਨਸੀਆਰ ਤੋਂ ਇਲਾਵਾ, ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼, ਉੱਤਰਾਖੰਡ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪਤਾ ਲੱਗਦਿਆਂ ਹੀ ਲੋਕ ਘਰਾਂ ਤੋਂ ਬਾਹਰ ਆ ਗਏ। ਭੂਚਾਲ ਦੇ ਹੋਰ ਝਟਕਿਆਂ ਦੇ ਡਰ ਕਾਰਨ ਕਈ ਲੋਕ ਦੇਰ ਰਾਤ ਤੱਕ ਘਰਾਂ ਦੇ ਬਾਹਰ ਖੁੱਲ੍ਹੇ ਵਿੱਚ ਹੀ ਰਹੇ।