ਦਿੱਲੀ, 2 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅੱਜ ਸਿੱਖਾਂ ਦਾ ਇੱਕ ਵਫ਼ਦ ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਨੂੰ ਮਿਲਿਆ। ਇਸ ਮੀਟਿੰਗ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਫਲਸਤੀਨ ਦੇ ਰਾਜਦੂਤ ਅਦਨਾਨ ਮੁਹੰਮਦ ਜਾਬੇਰ ਅਬੂ ਅਲਹਾਇਜਾ ਨਾਲ ਲਗਭਗ ਅੱਧਾ ਘੰਟਾ ਖਿੱਤੇ ਵਿੱਚ ਚੱਲ ਰਹੇ ਮਨੁੱਖੀ ਸੰਕਟ ਬਾਰੇ ਚਰਚਾ ਕੀਤੀ ਤੇ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਬਹਾਲੀ ਦੀ ਗੱਲ ਕੀਤੀ। ਇਸ ਦੇ ਨਾਲ ਹੀ ਮਨੁੱਖੀ ਸਹਾਇਤਾ ਵਜੋਂ ਫਲਸਤੀਨ ਨੂੰ ਜ਼ਰੂਰੀ ਦਵਾਈਆਂ ਅਤੇ ਕੱਚਾ ਰਾਸ਼ਨ ਭੇਜਣ ਦੀ ਵੀ ਵਫ਼ਦ ਵੱਲੋਂ ਪੇਸ਼ਕਸ਼ ਕੀਤੀ ਗਈ। ਵਫ਼ਦ ਵਿਚ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਸੂਬਾ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਜਾਗੋ ਦੇ ਆਗੂ ਜਤਿੰਦਰ ਸਿੰਘ ਬੌਬੀ, ਬੀਬੀ ਦਵਿੰਦਰ ਕੌਰ ਅਤੇ ਸੁਖਮਨ ਸਿੰਘ ਮੌਜੂਦ ਸਨ। ਜੀਕੇ ਨੇ ਫਲਸਤੀਨ ਦੇ ਰਾਜਦੂਤ ਨੂੰ ਇੱਕ ਪੱਤਰ ਸੌਂਪਿਆ। ਫਲਸਤੀਨ ਦੇ ਰਾਜਦੂਤ ਨੂੰ ਜਾਗੋ ਵੱਲੋਂ ਦਿੱਤੇ ਗਏ ਪੱਤਰ ਅਨੁਸਾਰ, “ਦੁਨੀਆ ਭਰ ਦੇ ਸਿੱਖ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਡੂੰਘੇ ਚਿੰਤਤ ਹਨ, ਜਿਸ ਕਾਰਨ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇਸ਼ਾਂ ਵਿੱਚ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਿੱਖਾਂ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਚਾਰੇ ਗਏ ਵਿਸ਼ਵ-ਵਿਆਪੀ ਭਾਈਚਾਰੇ ਦੇ ਸਿਧਾਂਤ ਦੇ ਅਨੁਸਾਰ ਅਸੀਂ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਲਈ ਹਮੇਸ਼ਾ ਵਚਨਬੱਧ ਹਾਂ। ਅਸੀਂ ਸਮਝਦੇ ਹਾਂ ਕਿ ਫਲਸਤੀਨ ਰਾਜ ਇਸ ਸਮੇਂ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿੱਖਾਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹੇ ਹਨ। ਇਸ ਸਬੰਧ ਵਿੱਚ ਅਸੀਂ ਫਲਸਤੀਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸਾਡੇ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ ਤੇ ਸਿਵਲ ਅਤੇ ਭੋਜਨ ਸਪਲਾਈ ਦੀਆਂ ਜ਼ਰੂਰਤਾਂ ਬਾਰੇ ਸਾਨੂੰ ਸੂਚਿਤ ਕੀਤਾ ਜਾ ਸਕਦਾ ਹੈ। ਅਸੀਂ ਸਾਰੀਆਂ ਧਿਰਾਂ ਨੂੰ ਜੰਗ ਵਿੱਚ ਸ਼ਾਮਲ ਹੋਣ ਤੋਂ ਰੋਕਣ ਅਤੇ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।” ਇਸ ਮੌਕੇ ਫਲਸਤੀਨ ਦੇ ਰਾਜਦੂਤ ਨੇ ਵਫ਼ਦ ਦਾ ਔਖੇ ਸਮੇਂ ਉਨ੍ਹਾਂ ਨਾਲ ਖੜ੍ਹਨ ਵਾਸਤੇ ਸਿੱਖ ਕੌਮ ਦਾ ਧੰਨਵਾਦ ਕੀਤਾ ਹੈ।