ਅਰੁਣਾਚਲ : ਸਿਆਂਗ ਜ਼ਿਲੇ ‘ਚ ਫੌਜ ਦੇ ਹੈਲੀਕਾਪਟਰ ਹਾਦਸੇ ‘ਚ 4 ਸੈਨਿਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਪਰ 1 ਫੌਜ ਦੇ ਜਵਾਨ ਦੀ ਭਾਲ ਅਜੇ ਵੀ ਜਾਰੀ ਹੈ। ਦਰਅਸਲ ਸ਼ੁੱਕਰਵਾਰ ਨੂੰ ਮਿਗਿੰਗ ‘ਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ‘ਚ ਚਾਰ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਕ ਫੌਜੀ ਦਾ ਪਤਾ ਨਹੀਂ ਲੱਗ ਸਕਿਆ ਸੀ। ਪੰਜਵੇਂ ਸੈਨਿਕ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ। ਰਿਪੋਰਟ ਮੁਤਾਬਕ ਉਡਾਣ ਲਈ ਮੌਸਮ ਚੰਗਾ ਸੀ ਅਤੇ ਪਾਇਲਟਾਂ ਨੂੰ ਕਾਫੀ ਤਜ਼ਰਬਾ ਸੀ। ਹਾਲਾਂਕਿ ਹਾਦਸੇ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੀਨ ਦੀ ਸਰਹੱਦ ਤੋਂ ਕਰੀਬ 35 ਕਿਲੋਮੀਟਰ ਦੂਰ ਸੰਘਣੇ ਜੰਗਲ ‘ਚੋਂ ਚਾਰ ਫੌਜੀ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਟੂਟਿੰਗ ਤੋਂ 25 ਕਿਲੋਮੀਟਰ ਦੂਰ ਮਿਗਿੰਗ ਨੇੜੇ ਸਿੰਗਿੰਗ ਵਿਖੇ ਸਵੇਰੇ 10.43 ਵਜੇ ਵਾਪਰੀ।