ਅਲਵਰ, 07 ਅਪ੍ਰੈਲ : ਰਾਜਸਥਾਨ ਤੇ ਅਲਵਰ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਵਾਰੀਆਂ ਨੂੰ ਲੈ ਕੇ ਜਾ ਰਹੇ ਇੱਕ ਟੈਂਪੂ ਤੇ ਬਜਰੀ ਨਾਲ ਭਰੀ ਟਰੈਕਟਰ-ਟਰਾਲੀ ਟੱਕਰ ਹੋਣ ਤੋਂ ਬਾਅਦ ਪਲਟ ਗਈ, ਜਿਸ ਕਾਰਨ ਤਿੰਨ ਬੱਚਿਆਂ ਸਮੇਤ ਪਿਤਾ ਦੀ ਮੌਤ ਹੋ ਗਈ। ਇਹ ਘਟਨਾਂ ਬੀਤੀ ਰਾਤ ਤਕਰੀਬਨ 9-00 ਵਜੇ ਦੀ ਕਠੂਮਾਰ ਥਾਣੇ ਦੇ ਅਧੀਨ ਪੈਂਦੇ ਪਿੰਡ ਖੇੜਾ ਮੈਦਾ ਦੇ ਭਾਨੋਖਰ ਰੋਡ ਦੀ ਹੈ। ਇਹ ਹਾਦਸਾ ਨਜਾਇਜ਼ ਤੌਰ ਦੇ ਬੱਜਰੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਦੇ ਕਾਰਨ ਹੋਇਆ, ਜਿਸ ‘ਚ ਟੈਂਪੂ ਤੇ ਟੱਕਰ ਹੋਣ ਤੋਂ ਬਾਅਦ ਪਲਟ ਗਈ, ਇਸ ਹਾਦਸੇ ‘ਚ ਪਿਤਾ, ਦੋ ਪੁੱਤਰ ਅਤੇ ਇੱਕ ਧੀ ਦੀ ਦਰਦਨਾਕ ਮੌਤ ਹੋ ਗਈ, ਇਸ ਹਾਦਸੇ ਕਾਰਨ ਗੁੱਸੇ ‘ਚ ਆਏ ਇਲਾਕੇ ਦੇ ਲੋਕਾਂ ਨੇ ਟਰੈਕਟਰ ਟਰਾਲੀ ਨੂੰ ਅੱਗ ਲਗਾ ਦਿੱਤੀ ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਲਾਸ਼ਾਂ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ। ਸ਼ੁੱਕਰਵਾਰ ਨੂੰ ਵੀ ਪਰਿਵਾਰ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਪਰਿਵਾਰ ਨੇ ਇਕ ਕਰੋੜ ਰੁਪਏ ਦੇ ਮੁਆਵਜ਼ੇ ਦੇ ਨਾਲ-ਨਾਲ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਭਰੋਸਾ ਨਹੀਂ ਮਿਲਦਾ, ਉਹ ਪੋਸਟਮਾਰਟਮ ਨਹੀਂ ਹੋਣ ਦੇਣਗੇ।