- ‘‘ਮੋਦੀ ਜੀ ਨੇ ਨੋਟਬੰਦੀ ਤੋਂ ਬਾਅਦ 50 ਦਿਨ ਮੰਗੇ ਸਨ, 7 ਸਾਲ ਹੋ ਗਏ, ਉਹ ਚੌਰਾਹਾ ਤਾਂ ਨਹੀਂ ਮਿਲਿਆ, ਪਰ ਦੇਸ਼ ਨੂੰ ਚੌਰਾਹੇ ’ਤੇ ਜ਼ਰੂਰ ਰਖਿਆ ਗਿਆ ਸੀ : ਖੜਗੇ
ਨਵੀਂ ਦਿੱਲੀ, 09 ਨਵੰਬਰ : ਨੋਟਬੰਦੀ ਦੇ 7 ਸਾਲ ਪੂਰੇ ਹੋਣ ਦੇ ਮੌਕੇ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਸੋਚੀ ਸਮਝੀ ਸਾਜ਼ਸ਼ ਹੈ ਜਿਸ ਨੇ ਅਰਥਵਿਵਸਥਾ ਦੀ ਕਮਰ ਤੋੜ ਦਿਤੀ ਹੈ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਇਸ ‘ਭਿਆਨਕ ਦੁਖਾਂਤ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਦੇ ਮੁਆਫ ਨਹੀਂ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਦੀ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਹੁਣ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਮੋਦੀ ਜੀ ਨੇ ਨੋਟਬੰਦੀ ਤੋਂ ਬਾਅਦ 50 ਦਿਨ ਮੰਗੇ ਸਨ, ਅੱਜ 7 ਸਾਲ ਹੋ ਗਏ ਹਨ। ਉਹ ਚੌਰਾਹਾ ਤਾਂ ਨਹੀਂ ਮਿਲਿਆ, ਪਰ ਦੇਸ਼ ਨੂੰ ਚੌਰਾਹੇ ’ਤੇ ਜ਼ਰੂਰ ਰਖਿਆ ਗਿਆ ਸੀ। ਇਕ ਪਾਸੇ ਅਮੀਰ ਅਤੇ ਅਰਬਪਤੀ ਹੋਰ ਅਮੀਰ ਹੋ ਗਏ ਹਨ, ਦੂਜੇ ਪਾਸੇ ਗਰੀਬ ਹੋਰ ਵੀ ਗਰੀਬ ਹੁੰਦਾ ਜਾ ਰਿਹਾ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਅੱਜ ਉਨ੍ਹਾਂ 150 ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ, ਜਿਨ੍ਹਾਂ ਨੇ ਨੋਟਬੰਦੀ ਦੇ ਚੱਕਰਵਾਤ ਨੂੰ ਝਲਿਆ! ਦੇਸ਼ ਦੀ ਆਰਥਕਤਾ ਅਤੇ ਵਿਕਾਸ ਦਰ ਨੂੰ ਡੂੰਘੀ ਸੱਟ ਵੱਜੀ। ਇਕੋ ਝਟਕੇ ’ਚ, ਲੱਖਾਂ ਛੋਟੇ ਕਾਰੋਬਾਰ ਠੱਪ ਹੋ ਗਏ। ਕਰੋੜਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਸਾਡੀਆਂ ਗ੍ਰਹਿ ਲਕਸ਼ਮੀ ਔਰਤਾਂ ਨੇ ਇਕ-ਇਕ ਪੈਸਾ ਜੋੜ ਕੇ ਜੋ ਬੱਚਤ ਕੀਤੀ ਸੀ, ਉਹ ਖਤਮ ਹੋ ਗਈ ਹੈ। ਨਕਲੀ ਨੋਟ ਹੋਰ ਵਧੇ, 500 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਪਿਛਲੇ ਸਾਲ ਹੀ 14 ਫੀ ਸਦੀ ਵਧੀ ਅਤੇ 2000 ਰੁਪਏ ਦੇ ਨੋਟਾਂ ’ਤੇ ਵੀ ਨੋਟਬੰਦੀ ਲਾਗੂ ਕਰਨੀ ਪਈ।’’ ਖੜਗੇ ਨੇ ਇਹ ਵੀ ਕਿਹਾ, ‘‘ਮੋਦੀ ਸਰਕਾਰ ਕਾਲੇ ਧਨ ’ਤੇ ਰੋਕ ਲਗਾਉਣ ’ਚ ਅਸਫਲ ਰਹੀ ਹੈ। 2016 ਤੋਂ ਲੈ ਕੇ ਹੁਣ ਤਕ ਚਲਨ ’ਚ ਨਕਦੀ ’ਚ 83 ਫੀ ਸਦੀ ਵਾਧਾ ਹੋਇਆ ਹੈ। ਮੋਦੀ ਸਰਕਾਰ ਦਾ ਨੋਟਬੰਦੀ ਆਮ ਨਾਗਰਿਕਾਂ ਦੇ ਜੀਵਨ ’ਚ ਇਕ ਡੂੰਘੇ ਜ਼ਖ਼ਮ ਵਾਂਗ ਹੈ, ਜਿਸ ਨੂੰ ਉਹ ਅੱਜ ਤਕ ਭਰ ਰਹੇ ਹਨ।’’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ‘ਐਕਸ’ ’ਤੇ ਪੋਸਟ ਕੀਤਾ, ‘‘ਨੋਟਬੰਦੀ ਇਕ ਸੋਚੀ-ਸਮਝੀ ਸਾਜ਼ਸ਼ ਸੀ। ਇਹ ਸਾਜ਼ਸ਼ ਰੁਜ਼ਗਾਰ ਤਬਾਹ ਕਰਨ, ਮਜ਼ਦੂਰਾਂ ਦੀ ਆਮਦਨ ਬੰਦ ਕਰਨ, ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅਸੰਗਠਿਤ ਆਰਥਕਤਾ ਨੂੰ ਤੋੜਨ ਦੀ ਸੀ।’’ ਉਨ੍ਹਾਂ ਦਾਅਵਾ ਕੀਤਾ, ‘‘99 ਫੀ ਸਦੀ ਆਮ ਭਾਰਤੀ ਨਾਗਰਿਕਾਂ ’ਤੇ ਹਮਲਾ, ਇਕ ਫੀ ਸਦੀ ਪੂੰਜੀਵਾਦੀ ਮੋਦੀ ‘ਮਿੱਤਰਾਂ’ ਨੂੰ ਫਾਇਦਾ। ਇਹ ਤੁਹਾਡੀ ਜੇਬ ਕੱਟਣ ਲਈ, ਤੁਹਾਡੇ ਸਭ ਤੋਂ ਚੰਗੇ ਦੋਸਤ ਦੀ ਝੋਲੀ ਭਰਨ ਅਤੇ ਉਸ ਨੂੰ 609 ਤੋਂ ਦੁਨੀਆਂ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾਉਣ ਦਾ ਇਕ ਹਥਿਆਰ ਸੀ!’’ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਕਿਹਾ, ‘‘ਸੱਤ ਸਾਲ ਪਹਿਲਾਂ ਅੱਜ ਦੇ ਦਿਨ 8 ਨਵੰਬਰ 2016 ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਨੂੰ ਲੈ ਕੇ ਦੇਸ਼ ਉੱਤੇ ਹਮਲਾ ਕੀਤਾ ਸੀ। ਇਕ ਫੈਸਲਾ ਜਿਸ ਨੇ ਭਾਰਤੀ ਅਰਥਚਾਰੇ ਦੀ ਕਮਰ ਤੋੜ ਦਿਤੀ... 24 ਮਾਰਚ, 2020 ਨੂੰ ਗੈਰ-ਯੋਜਨਾਬੱਧ, ਅਚਾਨਕ ਲੌਕਡਾਊਨ ਦੇ ਨਾਲ ਇਕ ਵਾਰ ਫਿਰ ਦੁਹਰਾਇਆ ਗਿਆ, ਜਿਸ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਸੈਂਕੜੇ ਅਤੇ ਹਜ਼ਾਰਾਂ ਕਿਲੋਮੀਟਰ ਪੈਦਲ ਘਰ ਵਾਪਸ ਜਾਣਾ ਪਿਆ।’’ ਰਮੇਸ਼ ਨੇ ਦਾਅਵਾ ਕੀਤਾ ਕਿ ਭਾਰਤ ਇਸ ‘ਭਿਆਨਕ ਦੁਖਾਂਤ’ ਲਈ ਪ੍ਰਧਾਨ ਮੰਤਰੀ ਨੂੰ ਮੁਆਫ਼ ਨਹੀਂ ਕਰੇਗਾ।