ਹਨੂੰਮਾਨਗੜ੍ਹ, 12 ਅਗਸਤ 2024 : ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਵਿਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਕਾਰ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ਵਿੱਚ ਜਾ ਡਿੱਗੀ। ਇਸ ਕਾਰਨ ਕਾਰ ਵਿੱਚ ਸਵਾਰ ਤਿੰਨ ਪੀੜ੍ਹੀਆਂ ਦੀ ਇੱਕੋ ਸਮੇਂ ਮੌਤ ਹੋ ਗਈ। ਕਾਰ ਵਿੱਚ ਪਿਤਾ, ਪੁੱਤਰ ਅਤੇ ਪੋਤਾ ਸਵਾਰ ਸਨ। ਤਿੰਨੋਂ ਪਾਣੀ ਵਿੱਚ ਡੁੱਬ ਗਏ। ਇਹ ਹਾਦਸਾ ਰੀਲ ਬਣਾਉਣ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਮੌਕੇ ਉਤੇ ਭਾਰੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਬੜੀ ਮਿਹਨਤ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਬਾਅਦ ਵਿਚ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਇਹ ਹਾਦਸਾ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਟਿੱਬੀ ਥਾਣਾ ਖੇਤਰ ਵਿੱਚ ਅੱਜ ਸਵੇਰੇ ਵਾਪਰਿਆ। ਇੱਥੇ ਟਿੱਬੀ-ਤਲਵਾੜਾ ਰੋਡ ਉਤੇ ਜਾ ਰਹੀ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾ ਗਾਂਧੀ ਨਹਿਰ ਵਿੱਚ ਜਾ ਡਿੱਗੀ। ਇਸ ਕਾਰ ਵਿੱਚ ਤਿੰਨ ਜਣੇ ਸਵਾਰ ਸਨ। ਕਾਰ ਨੂੰ ਨਹਿਰ ਵਿੱਚ ਡਿੱਗਦੇ ਦੇਖ ਕਿਸੇ ਨੇ ਰੌਲਾ ਪਾਇਆ। ਇਸ ਤੋਂ ਬਾਅਦ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਕਰੀਬ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਕਾਰ ਵਿਚ ਸਵਾਰ ਤਿੰਨੋਂ ਲੋਕਾਂ ਦੀ ਮੌਤ ਹੋ ਚੁੱਕੀ ਸੀ। ਜਦੋਂ ਪੁਲਿਸ ਨੇ ਇਨ੍ਹਾਂ ਦੀ ਪਛਾਣ ਕੀਤੀ ਤਾਂ ਉਹ ਪਿਉ-ਪੁੱਤਰ ਅਤੇ ਪੋਤੇ ਵਜੋਂ ਨਿਕਲੇ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਰਾਠੀਖੇੜਾ ਦੇ ਰਹਿਣ ਵਾਲੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਉਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਹਾਦਸੇ ਦੀ ਜਾਣਕਾਰੀ ਜਿਵੇਂ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉੱਥੇ ਹਫੜਾ-ਦਫੜੀ ਮਚ ਗਈ। ਪੁਲਿਸ ਅਨੁਸਾਰ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਡਰਾਈਵਰ ਕਾਰ ਵਿੱਚੋਂ ਹੱਥ ਕੱਢ ਕੇ ਰੀਲ ਬਣਾ ਰਿਹਾ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਕਾਰ ਦੀਆਂ ਤਾਕੀਆਂ ਲਾਕ ਸਨ। ਜਿਸ ਕਾਰਨ ਤਿੰਨੋਂ ਬਾਹਰ ਨਹੀਂ ਆ ਸਕੇ। ਕਾਰ ਵਿੱਚ ਪਾਣੀ ਭਰ ਜਾਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਕਿਉਂਕਿ ਇੱਥੇ ਨਹਿਰ ਵਿੱਚ ਕਾਫੀ ਪਾਣੀ ਸੀ ਅਤੇ ਇਸ ਦਾ ਵਹਾਅ ਵੀ ਤੇਜ਼ ਸੀ। ਇਸ ਲਈ ਐਸ.ਡੀ.ਆਰ.ਐਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੜੀ ਮਿਹਨਤ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ।