ਆਦਮਪੁਰ, 01 ਅਪ੍ਰੈਲ : ਹਿਸਾਰ ਦੇ ਆਦਮਪੁਰ ‘ਚ ਅਗ੍ਰੋਹਾ ਰੋਡ ਤੇ ਨਿੰਮ ਵਾਲੇ ਅੱਡੇ ਦੇ ਨਜ਼ਦੀਕ ਸ਼ੁੱਕਰਵਾਰ ਸਵੇਰੇ 2-00 ਵਜੇ ਵਾਪਰੇ ਇੱਕ ਸੜਕ ਹਾਦਸੇ ‘ਚ 6 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਬ੍ਰੇਜਾ ਗੱਡੀ ਬੇਕਾਬੂ ਹੋ ਕੇ ਇੱਕ ਸਾਈਨ ਬੋਰਡ ਨਾਲ ਟਕਰਾ ਜਾਣ ਤੋਂ ਬਾਅਦ ਇੱਕ ਦਰੱਖਤ ਨਾਲ ਟਕਰਾ ਜਾਣ ਤੋਂ ਬਾਅਦ ਖੇਤਾਂ ਵਿੱਚ ਜਾ ਡਿੱਗੀ, ਜਿਸ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਪੁਲਿਸ ਨੇ ਮ੍ਰਿਤਕ ਅਰਵਿੰਦ ਦੇ ਚਾਚਾ ਹੁਸ਼ਿਆਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਇੱਤਫਾਕੀਆ ਮੌਤ ਦੀ ਕਾਰਵਾਈ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਖਾਰਾ ਬਰਵਾਲਾ ਦੇ ਰਹਿਣ ਵਾਲੇ 23 ਸਾਲਾ ਸਾਗਰ, 22 ਸਾਲਾ ਸ਼ੋਭਿਤ, ਕਿਸ਼ਨਗੜ੍ਹ ਦੇ ਰਹਿਣ ਵਾਲੇ 22 ਸਾਲਾ ਅਭਿਨਵ, 23 ਸਾਲਾ ਦੀਪਕ, 25 ਸਾਲ ਅਸ਼ੋਕ, 24 ਸਾਲਾ ਅਰਵਿੰਦ ਦੇ ਰੂਪ ’ਚ ਹੋਈ। ਉੱਥੇ ਜ਼ਖ਼ਮੀ ਭੂਨੇਸ਼ ਸੁੂਰਤਗੜ੍ਹ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਪਿੰਡ ਦੇ ਨੰਬਰਦਾਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ 30 ਮਾਰਚ ਨੂੰ ਉਸਦਾ ਭਤੀਜਾ ਅਰਵਿੰਦ ਆਪਣੇ ਸਾਥੀਆਂ ਨਾਲ ਪਿੰਡ ਕਿਸ਼ਨਗੜ੍ਹ ਨਿਵਾਸੀ ਹਵਾ ਸਿੰਘ ਦੀ ਗੱਡੀ ਲੈ ਕੇ ਆਪਣੇ ਦੋਸਤ ਦੇ ਵਿਆਹ ’ਚ ਸ਼ਾਮਲ ਹੋਣ ਲਈ ਆਦਮਪੁਰ-ਕੋਹਲੀ ਰੋਡ ਸਥਿਤ ਮੈਰਿਜ ਪੈਲੇਸ ’ਚ ਗਏ ਸਨ। ਉਹ ਰਾਤ ਨੂੰ ਵਾਪਸ ਨਹੀਂ ਪਰਤੇ। ਉਨ੍ਹਾਂ ਨੂੰ ਪਤਾ ਲੱਗਾ ਕਿ ਅਰਵਿੰਦ ਆਪਣੇ ਸਾਥੀਆਂ ਸਮੇਤ ਰਾਤ ਕਰੀਬ ਦੋ ਵਜੇ ਮੈਰਿਜ ਪੈਲੇਸ ਤੋਂ ਵਾਪਸ ਗਿਆ ਸੀ। ਉਹ ਆਪਣੇ ਪਰਿਵਾਰ ਦੇ ਪਿੰਡ ਦੇ ਹੋਰ ਲੋਕਾਂ ਨਾਲ ਉਨ੍ਹਾਂ ਦੀ ਭਾਲ ’ਚ ਨਿੰਮ ਅੱਡਾ ਕੋਲ ਪੁੱਜਾ ਤਾਂ ਗੱਡੀ ਸੜਕ ਤੋਂ ਹੇਠਾਂ ਦਰੱਖ਼ਤਾਂ ਨਾਲ ਟਕਰਾ ਕੇ ਪਲਟੀ ਹੋਈ ਸੀ ਤੇ ਸਾਰੇ ਲੋਕ ਗੱਡੀ ’ਚ ਫਸੇ ਹੋਏ ਸਨ। ਗੱਡੀ ਸਾਗਰ ਚਲਾ ਰਿਹਾ ਸੀ। ਅਜਿਹਾ ਲਗਦਾ ਹੈ ਕਿ ਰਾਤ ਵੇਲੇ ਉਨ੍ਹਾਂ ਦੀ ਗੱਡੀ ਸਾਹਮਣੇ ਕੋਈ ਅਵਾਰਾ ਪਸ਼ੂ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ ’ਚ ਗੱਡੀ ਬੇਕਾਬੂ ਹੋ ਕੇ ਦਰੱਖ਼ਤਾਂ ਨਾਲ ਟਕਰਾ ਕੇ ਪਲਟ ਗਈ। ਪੁਲਿਸ ਨੇ ਹੁਸ਼ਿਆਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਇੱਤਫਾਕੀਆ ਮੌਤ ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਹਿਸਾਰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਆਂ।