ਯਾਦਗਿਰੀ, 06 ਜੂਨ : ਕਰਨਾਟਕ ‘ਚ ਯਾਦਗਿਰੀ ਜ਼ਿਲ੍ਹੇ ਵਿੱਚ ਬਾਲੀਚੱਕਰ ਕਰਾਸ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਅਤੇ 13 ਦੇ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਕਾਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਦੇ ਪੁੱਜੀ ਯਾਦਗਿਰੀ ਦੀ ਪੁਲਿਸ ਪਾਰਟੀ ਵੱਲੋਂ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀ ਬਸਵੇਸ਼ਵਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਬਾਲੀਚਕਰ ਨੇੜੇ ਵਾਪਰਿਆ, ਉਨ੍ਹਾਂ ਦੱਸਿਆ ਕਿ ਗੱਡੀ ਵਿੱਚ 18 ਲੋਕ ਸਵਾਰ ਸਨ, ਜੋ ਸੜਕ ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਯਾਦਗਿਰੀ ਦੇ ਡਿਪਟੀ ਸ਼ਫ ਬਸਵੇਸ਼ਵਰ ਅਤੇ ਸੈਦਾਪੁਰ ਦੇ ਪੁਲਿਸ ਇੰਸਪੈਕਟਰ ਨੇ ਮੌਕੇ ਦਾ ਦੌਰਾ ਕੀਤਾ। ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਸਹਾਇਤਾ ਦਿੱਤੀ ਗਈ। ਪੁਲਿਸ ਨੇ ਦੱਸਿਆ ਹੈ ਕਿ ਜ਼ਖ਼ਮੀਆਂ ਨੂੰ ਅਗਲੇਰੀ ਇਲਾਜ ਲਈ ਰਾਏਚੁਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਭੇਜ ਦਿੱਤਾ ਗਿਆ, ਜਿੱਥੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਆਂਧਰਾ ਪ੍ਰਦੇਸ਼ ਦੇ ਨੰਦਿਆਲ ਜ਼ਿਲ੍ਹੇ ਦੇ ਵੇਲਾਗੋਡੂ ਪਿੰਡ ਦੇ ਰਹਿਣ ਵਾਲੇ ਸਨ। ਇਹ ਸਾਰੇ ਕਰਨਾਟਕ ਦੇ ਕਲਬੁਰਗੀ ‘ਚ ਖਵਾਜਾ ਬੰਦੇਨਵਾਜ਼ ਦੇ ਉਰਸ ‘ਚ ਹਿੱਸਾ ਲੈਣ ਜਾ ਰਹੇ ਸਨ।