ਨਵੀਂ ਦਿੱਲੀ, 21 ਅਪ੍ਰੈਲ : ਦੇਸ਼ ’ਚ ਲਗਪਗ ਅੱਠ ਮਹੀਨਿਆਂ ਬਾਅਦ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 12,591 ਨਵੇਂ ਮਾਮਲੇ ਮਿਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 65,286 ਹੋ ਗਈ ਹੈ। ਕੋਰੋਨਾ ਨਾਲ 40 ਲੋਕਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 5,31,230 ਹੋ ਗਈ ਹੈ। ਇਸ ਦੌਰਾਨ ਰੋਜ਼ਾਨਾ ਇਨਫੈਕਸ਼ਨ ਦਰ 5.46 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 5.32 ਫ਼ੀਸਦੀ ਦਰਜ ਕੀਤੀ ਗਈ। ਸਰਗਰਮ ਮਾਮਲਿਆਂ ਦੀ ਗਿਣਤੀ ਕੁੱਲ ਪੀੜਤਾਂ ਦਾ 0.15 ਫ਼ੀਸਦੀ ਹੈ। ਕੋਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.67 ਫ਼ੀਸਦੀ ਦਰਜ ਕੀਤੀ ਗਈ ਹੈ। ਮੌਤ ਦਰ 1.18 ਫ਼ੀਸਦੀ ਹੈ। ਦੇਸ਼ ਪੱਧਰੀ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਦੇਸ਼ ’ਚ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 220.66 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਕੋਰੋਨਾ ਇਨਫੈਕਟਿਡ ਹੋ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਹਲਕੇ ਲੱਛਣਾਂ ਦੇ ਨਾਲ ਰੱਖਿਆ ਮੰਤਰੀ ਹੋਮ ਕੁਆਰੰਟਾਈਨ ’ਚ ਹਨ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਹ ਵੀਰਵਾਰ ਨੂੰ ਦਿੱਲੀ ’ਚ ਭਾਰਤੀ ਹਵਾਈ ਫ਼ੌਜ ਦੇ ਕਮਾਂਡਰਾਂ ਦੇ ਸੰਮੇਲਨ ’ਚ ਹਿੱਸਾ ਲੈਣ ਵਾਲੇ ਸਨ, ਪਰ ਕੋਰੋਨਾ ਇਨਫੈਕਟਿਡ ਹੋਣ ਕਾਰਨ ਉਹ ਇਸ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਏ।