- ਸੰਸਦ ਮੈਂਬਰ ਨੇ ਸ਼ਹਿਰ ਵਾਸੀਆਂ ਨਾਲ ਕੀਤਾ ਯੋਗ, 'ਸੀ ਐਮ ਦੀ ਯੋਗਸ਼ਾਲਾ' ਪ੍ਰੋਗਰਾਮ ਦਾ ਲਾਹਾ ਲੈਣ ਦਾ ਦਿੱਤਾ ਸੱਦਾ
- ਲੋਕ ਯੋਗ ਪ੍ਰਤੀ ਹੋਏ ਜਾਗਰੂਕ: ਡਿਪਟੀ ਕਮਿਸ਼ਨਰ
- ਸ਼ਹਿਰ ਵਾਸੀਆਂ ਨੂੰ ਵੰਡੇ ਮੁਫ਼ਤ ਪੌਦੇ
ਬਰਨਾਲਾ, 21 ਜੂਨ 2024 : ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਯੋਗ ਸਮਾਗਮ ਇੱਥੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼ਹਿਰ ਵਾਸੀਆਂ ਨਾਲ ਯੋਗਾ ਕਰਕੇ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਸਦ ਮੈਂਬਰ ਸ. ਗੁਰਮੀਤ ਸਿੰਘ Meet Hayer ਨੇ ਸ਼ਹਿਰ ਵਾਸੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਬਹੁਤ ਮਹਾਨ ਹੈ ਤੇ ਯੋਗ ਅਭਿਆਸ ਨੂੰ ਅੱਜ ਪੱਛਮੀ ਦੇਸ਼ ਵੀ ਆਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਭ ਯੋਗ ਕਾਰਗਰ ਜਾਪਦਾ ਹੈ। ਉਨ੍ਹਾਂ ਬਰਨਾਲਾ ਵਾਸੀਆਂ ਨੂੰ ਸੀ ਐਮ ਦੀ ਯੋਗਸ਼ਾਲਾ ਅਧੀਨ ਵੱਖ ਵੱਖ ਥਾਵਾਂ 'ਤੇ ਰੋਜ਼ਾਨਾ ਲੱਗ ਰਹੀਆਂ ਕਲਾਸਾਂ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਅੱਜ ਲੋਕਾਂ ਵਿੱਚ ਯੋਗ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿਉੰਕਿ ਲੋਕ ਯੋਗ ਪ੍ਰਤੀ ਜਾਗਰੂਕ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਇਆ ਜਾ ਰਿਹਾ 'ਸੀ ਐਮ ਦੀ ਯੋਗਸ਼ਾਲਾ' ਪ੍ਰੋਗਰਾਮ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਭਰ ਵਿੱਚ ਸਵੇਰੇ-ਸ਼ਾਮ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ 7-8 ਲੱਖ ਦੇ ਕਰੀਬ ਬੂਟੇ ਲਗਾਏ ਜਾਣਗੇ ਤੇ ਵੱਖ ਵੱਖ ਵਿਭਾਗਾਂ ਵਲੋਂ ਉਨ੍ਹਾਂ ਦੀ ਦੇਖ-ਰੇਖ ਦਾ ਜ਼ਿੰਮਾ ਵੀ ਚੁੱਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਅਮਨ ਕੌਸ਼ਲ ਨੇ ਦੱਸਿਆ ਕਿ ਸਰਕਾਰ ਦੇ ਆਯੂਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਇਹ ਸਮਾਗਮ ਸਫਲ ਰਿਹਾ ਤੇ ਲੋਕਾਂ ਨੇ ਯੋਗ ਪ੍ਰਤੀ ਬਹੁਤ ਉਤਸ਼ਾਹ ਦਿਖਾਇਆ। ਇਸ ਮੌਕੇ ਜੰਗਲਾਤ ਵਿਭਾਗ ਵਲੋਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪੌਦੇ ਵੰਡੇ ਗਏ ਅਤੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ, ਐੱਸ ਪੀ ਸ੍ਰੀ ਜਗਦੀਸ਼ ਬਿਸ਼ਨੋਈ, ਐੱਸ ਡੀ ਐਮ ਬਰਨਾਲਾ ਸ੍ਰੀ ਵਰਿੰਦਰ ਸਿੰਘ, ਓ ਐੱਸ ਡੀ ਹਸਨਪ੍ਰੀਤ ਭਾਰਦਵਾਜ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਜਿਵੇਂ ਸੀਨੀਅਰ ਸਿਟੀਜ਼ਨ ਸੁਸਾਇਟੀ, ਸ਼ਹੀਦ ਭਗਤ ਸਿੰਘ ਪਾਰਕ ਕਮੇਟੀ, ਪਤੰਜਲੀ ਯੋਗ ਸਮਿਤੀ, ਬੈਂਕਰਜ਼ ਐਸੋਸੀਏਸ਼ਨ, ਬ੍ਰਹਮਕੁਮਾਰੀਜ਼ ਸਮੇਤ ਐਨਜ਼ੀਓਜ਼ ਨੇ ਸ਼ਿਰਕਤ ਕੀਤੀ।