- ਗੈਰ ਸੰਚਾਰੀ ਰੋਗਾਂ ਤੋਂ ਦੂਰ ਰੱਖਦੈ ਯੋਗਾ- ਡਾ. ਕੰਵਲਜੀਤ ਬਾਜਵਾ
ਤਪਾ, 22 ਜੂਨ : ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਯੋਗ ਹਫ਼ਤਾ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਯੋਗ ਨੂੰ ਉਤਸ਼ਾਹਿਤ ਕਰਨ ਲਈ 26 ਜੂਨ ਤੱਕ ਵਿਸ਼ੇਸ਼ ਯੋਗ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ. ਤਪਾ ਡਾ. ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਕੱਲ ਦੀ ਭਜ-ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿਚ ਕਈ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲੱਡ ਪ੍ਰਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗੀ ਗਤੀਵਿਧੀਆਂ ਵਧ ਗਈਆਂ ਹਨ, ਜੋ ਕਿ ਤਣਾਅ ਦਾ ਇਕ ਵੱਡਾ ਕਾਰਨ ਹਨ। ਇਸ ਤੋਂ ਮੁਕਤੀ ਲਈ ਸਭ ਤੋਂ ਵੱਧ ਜ਼ਰੂਰੀ ਹੈ, ਸਰੀਰਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ। ਇਨ੍ਹਾਂ 'ਚ ਯੋਗਾ ਕਰਨਾ ਸਭ ਤੋਂ ਵੱਧ ਲਾਹੇਵੰਦ ਹੈ। ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਦੱਸਿਆ ਕਿ ਯੋਗ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਅ ਤਰੀਕਾ ਹੈ ਜੋ ਕਿ ਆਸਨਾਂ, ਸਾਹ ਲੈਣ ਦੀ ਪ੍ਰਕਿਰਿਆ ਅਤੇ ਆਤਮਿਕ ਧਿਆਨ ਲਾਉਣ ਵਰਗੀਆਂ ਪ੍ਰਕਿਰਿਆਵਾਂ ਉਪਰ ਆਧਾਰਤ ਹੈ ਜੋ ਕਿ ਸ਼ੂਗਰ, ਹਾਈ ਬੀਪੀ, ਦਿਲ ਦੇ ਰੋਗ ਆਦਿ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਸਹਾਈ ਹੁੰਦਾ ਹੈ। ਇਹ ਨਿਰਾਸ਼ਾ, ਥਕਾਵਟ, ਮਾਨਸਿਕ ਪਰੇਸ਼ਾਨੀ ਅਤੇ ਤਣਾਅ ਵਰਗੀਆਂ ਹਾਲਤਾਂ ਵਿੱਚ ਵੀ ਸਹਾਈ ਹੁੰਦਾ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਯੋਗ ਨਾਲ ਜੋੜਨ ਲਈ ਸੀ.ਐੱਮ. ਦੀ ਯੋਗਸ਼ਾਲਾ ਸ਼ੁਰੂ ਕੀਤੀ ਗਈ ਹੈ, ਜਿਸਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ।ਇਸ ਮੌਕੇ ਐਮ.ਪੀ.ਐਚ.ਡਬਲਿਊ. ਕੁਲਦੀਪ ਸਿੰਘ, ਸੀ.ਐਚ.ਓ ਬੇਅੰਤ ਕੌਰ, ਬਿਪਨ ਕੁਮਾਰ, ਏ.ਐਨ.ਐਮ. ਬਿੰਦਰਪਾਲ ਕੌਰ ਆਦਿ ਹਾਜ਼ਰ ਸਨ।