ਸਾਬਕਾ ਮੁੱਖ ਮੰਤਰੀ ਕੈਪਟਨ ਦੇ ਓਐੱਸਡੀ ਰਹੇ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਕੀਤਾ ਕੇਸ ਦਰਜ

ਲੁਧਿਆਣਾ : ਸਿੱਧਵਾਂ ਬੇਟ ਦੇ 65 ਲੱਖ ਰੁਪਏ ਦੇ ਸਟਰੀਟ ਲਾਈਟਾਂ ਘੁਟਾਲੇ ਦੀ ਚੱਲ ਰਹੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਲੁਧਿਆਣਾ ਨੇ ਮੰਗਲਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਰਹੇ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਕਿ ਸੰਧੂ ਨੇ ਸਟਰੀਟ ਲਾਈਟਾਂ ਨੂੰ ਦੁੱਗਣੇ ਤੋਂ ਵੱਧ ਰੇਟ ’ਤੇ ਖ਼ਰੀਦਣ ਦੇ ਸੌਦੇ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਉਸ ਨੇ ਕਥਿਤ ਤੌਰ ’ਤੇ ਕਈ ਲੱਖਾਂ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਸੀ। ਵਿਜੀਲੈਂਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਸੰਧੂ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਠਿਕਾਣਿਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਜੀਲੈਂਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸਟਰੀਟ ਲਾਈਟ ਘੁਟਾਲੇ ਦੇ ਮਾਮਲੇ ਵਿਚ ਸੰਧੂ ਨੂੰ ਨਾਮਜ਼ਦ ਕੀਤੇ ਜਾਣ ਦੀ ਜਾਣਕਾਰੀ ਮੰਗਲਵਾਰ ਨੂੰ ਲੁਧਿਆਣਾ ਅਦਾਲਤ ਨੂੰ ਵੀ ਦਿੱਤੀ ਗਈ ਸੀ। ਵਿਜੀਲੈਂਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਾਂਚ ਵਿਚ ਇਹ ਵੀ ਸੰਕੇਤ ਮਿਲੇ ਹਨ ਕਿ ਖਰੀਦੀਆਂ ਗਈਆਂ ਸਟਰੀਟ ਲਾਈਟਾਂ ਘਟੀਆ ਕੁਆਲਿਟੀ ਦੀਆਂ ਸਨ ਅਤੇ ਰਿਕਾਰਡ ਵਿਚ ਦਰਸਾਏ ਗਏ ਨੰਬਰਾਂ ਨਾਲੋਂ ਘੱਟ ਗਿਣਤੀ ਵਿਚ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ। ਵਿਜੀਲੈਂਸ ਨੇ ਇਸ ਸਬੰਧੀ 26 ਪਿੰਡਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਵਿਜੀਲੈਂਸ ਬਿਊਰੋ ਨੇ ਸਤਵਿੰਦਰ ਸਿੰਘ ਕੰਗ ਬੀਡੀਪੀਓ ਸਿੱਧਵਾਂ ਬੇਟ ਬਲਾਕ ਲੁਧਿਆਣਾ ਅਤੇ ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਸਿੱਧਵਾਂ ਬੇਟ ਨੂੰ 65 ਲੱਖ ਰੁਪਏ ਦੀ ਸਰਕਾਰੀ ਫੰਡਾਂ ਤੋਂ ਦੁੱਗਣੀ ਕੀਮਤ ’ਤੇ ਸਟਰੀਟ ਲਾਈਟਾਂ ਖਰੀਦਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ। ਐੱਫਆਈਆਰ ਦਰਜ ਕਰਨ ਤੋਂ ਦੋ ਦਿਨ ਬਾਅਦ ਹੀ ਸੰਦੀਪ ਸੰਧੂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੂੰ ਵੀ ਵਿਜੀਲੈਂਸ ਨੇ ਸਟਰੀਟ ਲਾਈਟ ਘੁਟਾਲੇ ਵਿਚ ਭੂਮਿਕਾ ਲਈ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਨਾਮਜ਼ਦ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ ਲਾਈਟਾਂ ਦੇ ਠੇਕੇਦਾਰ ਗੌਰਵ ਸ਼ਰਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।