ਟਰੱਕ ਤੇ ਇਨੋਵਾ ਗੱਡੀ ਦੇ ਆਹਮੋ-ਸਾਹਮਣੇ ਟੱਕਰ, ਹਾਦਸੇ ਵਿਚ 2 ਔਰਤਾਂ ਦੀ ਮੌਤ

ਫਿਲੌਰ :  ਨੂਰਮਹਿਲ ਸੜਕ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸਾ ਟਰੱਕ ਤੇ ਇਨੋਵਾ ਗੱਡੀ ਦੇ ਆਹਮੋ-ਸਾਹਮਣੇ ਟੱਕਰ ਹੋ ਜਾਣ ਨਾਲ ਹੋਇਆ। ਹਾਦਸੇ ਵਿਚ 2 ਔਰਤਾਂ ਦੀ ਮੌਤ ਹੋ ਗਈ। ਇਨੋਵਾ ਗੱਡੀ ਵਿਚ ਸਵਾਰ 4 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਤੁਰੰਤ ਫਿਲੌਰ ਸਿਵਲ ਹਸਪਤਾਲ ਪਹੁੰਚਾਇਆ ਗਿਆ ਇਨ੍ਹਾਂ ਵਿਚੋਂ ਇਕ ਨੂੰ ਜ਼ਿਆਦਾ ਗੰਭੀਰ ਹੋਣ ਕਾਰਨ ਲੁਧਿਆਣਾ ਰੈਫਰ ਕੀਤਾ ਗਿਆ ਹੈ। ਟਰੱਕ ਫਿਲੌਰ ਤੋਂ ਨਕੋਦਰ ਨੂੰ ਨੂਰਮਹਿਲ ਰੋਡ ‘ਤੇ ਜਾ ਰਿਹਾ ਸੀ। ਜਦੋਂਕਿ ਇਨੋਵਾ ਗੱਡੀ ਨਕੋਦਰ ਸਾਈਡ ਤੋਂ ਆ ਰਹੀ ਸੀ। ਇਸ ਦੌਰਾਨ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਨੋਵਾ ਗੱਡੀ ਚਲਾ ਰਹੇ ਡਰਾਈਵਰ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ। ਗੱਡੀ ਚਲਾਉਂਦੇ ਹੋਏ ਉਸ ਦੀ ਅੱਖ ਲੱਗ ਗਈ। ਇਸ ਦੌਰਾਨ ਇਨੋਵਾ ਗੱਡੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖਮੀ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਪਰਿਵਾਰ ਦੇ ਸਾਰੇ ਮੈਂਬਰ ਵਿਆਹ ਸਮਾਗਮ ਲਈ ਨਕੋਦਰ ਗਏ ਹੋਏ ਸਨ। ਉਥੋਂ ਵਾਪਸ ਲੁਧਿਆਣਾ ਬਸਤੀ ਜੋਧੇਵਾਲ ਸਥਿਤ ਸੰਤ ਨਗਰ ਸਥਿਤ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਸਾਰੇ ਲੋਕ ਰਸਤੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿੱਚ ਜ਼ਖਮੀ ਕੁਲਵਿੰਦਰ ਸਿੰਘ, ਹਰਲੀਨ ਕੌਰ ਅਤੇ ਡਰਾਈਵਰ ਵਿਜੇ ਕੁਮਾਰ ਨੂੰ ਫਿਲੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਹੈ। ਜਦੋਂਕਿ ਹਾਦਸੇ ‘ਚ 2 ਜ਼ਖਮੀ ਔਰਤਾਂ ਬਲਬੀਰ ਕੌਰ ਅਤੇ ਹਰਭਜਨ ਕੌਰ ਦੀ ਲੁਧਿਆਣਾ ਹਸਪਤਾਲ ਲਿਜਾਂਦੇ ਸਮੇਂ ਰਸਤੇ ‘ਚ ਮੌਤ ਹੋ ਗਈ।