ਪਿੰਡ ਸੇਖਾ ਦੇ ਡਰੋਨ ਪਾਇਲਟਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਦਿੱਤੀ ਸਿਖਲਾਈ

  • ਖੇਤੀ ਪ੍ਰੋਜੈਕਟ ਵਿੱਚ ਡਰੋਨ ਪਾਇਲਟਾਂ ਵਜੋਂ ਸ਼ਾਮਲ ਹੋਈਆਂ ਔਰਤਾਂ

ਬਰਨਾਲਾ, 5 ਅਗਸਤ 2024 : ਚੜਦੀਕਲਾ ਵੂਮੈਨ ਫਾਰਮਰ ਪ੍ਰੋਡਿਊਸਰ ਕੰਪਨੀ ਪਿੰਡ ਸੇਖਾ ਤੋਂ ਡਰੋਨ ਪਾਇਲਟ ਕਿਰਨਪਾਲ ਕੌਰ, ਗੁਰਮੀਤ ਕੌਰ ਅਤੇ ਹੋਰ ਮੈਂਬਰਾਂ ਨੂੰ ਨੈਨੋ ਯੂਰੀਆ ਦੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ ਇਫਕੋ, ਪੰਜਾਬ ਨੇ ਖੇਤੀਬਾੜੀ ਵਿੱਚ ਨਵੀਆਂ ਖੋਜਾਂ ਜਿਵੇਂ ਕਿ ਖੇਤੀਬਾੜੀ ਡਰੋਨ ਅਤੇ ਨੈਨੋ ਯੂਰੀਆ, ਨੈਨੋ ਡੀਏਪੀ ਵਰਗੀਆਂ ਕ੍ਰਾਂਤੀਕਾਰੀ ਨੈਨੋ ਖਾਦਾਂ ਦੇ ਛਿੜਕਾਅ ਬਾਰੇ ਚਰਚਾ ਕੀਤੀ। ਉਨ੍ਹਾਂ ਡਰੋਨ ਦੇ ਮਿਆਰੀ ਓਪਰੇਟਿੰਗ ਵਿਧੀ ਅਤੇ ਰਵਾਇਤੀ ਸਪ੍ਰੇਅਰ ਦੇ ਫਾਇਦਿਆਂ ਬਾਰੇ ਵੀ ਚਰਚਾ ਕੀਤੀ, ਜੋ ਕਿ ਬਹੁਤ ਘੱਟ ਪਾਣੀ ਦੀ ਵਰਤੋਂ ਕਰਦਾ ਹੈ ਅਤੇ ਸਮੇਂ ਦੀ ਬਚਤ ਕਰਦਾ ਹੈ ਕਿਉਂਕਿ ਇੱਕ ਏਕੜ ਨੂੰ ਪੂਰਾ ਕਰਨ ਵਿੱਚ ਸਿਰਫ 5 ਤੋਂ 7 ਮਿੰਟ ਲੱਗਦੇ ਹਨ। ਪੰਜਾਬ ਵਿੱਚ ਮਹਿਲਾ ਕਿਸਾਨਾਂ ਨੂੰ ਡਰੋਨ ਤਕਨੀਕ ਨਾਲ ਸਸ਼ਕਤ ਬਣਾਉਣ ਲਈ ਇਫਕੋ ਨੇ ਗ੍ਰਾਂਟ ਥੋਰਨਟਨ ਭਾਰਤ ਅਤੇ ਐਚ ਡੀ ਐੱਫ ਸੀ ਬੈਂਕ ਪਰਿਵਰਤਨ ਨਾਲ ਸਮਝੌਤਾ ਕੀਤਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ-ਮਹਿਲਾ ਕਿਸਾਨ ਡਰੋਨ ਕੇਂਦਰ ਸਕੀਮ ਤਹਿਤ 24 ਔਰਤਾਂ ਨੂੰ ਪੰਜਾਬ ਚ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ। ਪਿੰਡ ਸੇਖਾ ਦੇ ਦੋ ਡਰੋਨ ਪਾਇਲਟ ਕਿਰਨਪਾਲ ਕੌਰ ਅਤੇ ਗੁਰਮੀਤ ਕੌਰ ਨੇ ਡਰੋਨ ਪਾਇਲਟ ਬਣਨ ਅਤੇ ਡਰੋਨ ਫੀਲਡ ਓਪਰੇਸ਼ਨ ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ । ਉਨ੍ਹਾਂ ਦੱਸਿਆ ਕਿ ਨਵੀਂਆਂ ਖੇਤੀਬਾੜੀ ਤਕਨੀਕਾਂ ਅਪਣਾ ਕੇ ਆਸ ਪਾਸ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸ਼. ਮਨਪ੍ਰੀਤ ਸਿੰਘ, ਮੈਨੇਜਰ, ਗ੍ਰਾਂਟ ਥਾਰਨਟਨ, ਗ੍ਰਾਂਟ ਥਾਰਨਟਨ ਟੀਮ, ਪੰਜਾਬ ਦੇ ਸਲਾਹਕਾਰ ਕਿਸ਼ਨ ਪਾਲ, ਗੋਰਵ ਸਿਨਹਾ ਅਤੇ ਪੁੰਡਰੀਕਸ਼ ਦੇ ਨਾਲ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।